ਕਰਨਾਲ/ਕੁਰੂਕਸ਼ੇਤਰ, 26 ਸਤੰਬਰ (ਗੁਰਮੀਤ ਸਿੰਘ ਸੱਗੂ)- ਹਰਿਆਣਾ ਦੇ ਦਿੱਲੀ ਨੇੜੇ ਲੱਗਦੇ ਹੋਂਦ ਚਿੱਲੜ ਵਿਚ 1984 ਵਿਚ ਸਿੱਖ ਕਤਲੇਆਮ ਦਾ ਸ਼ਿਕਾਰ ਹੋਏ ਸਿੱਖ ਪਰਿਵਾਰਾਂ ਦੀ ਅੰਤਿਮ ਅਰਦਾਸ 45 ਸਾਲ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਕਰਵਾਈ ਜਾਵੇਗੀ। ਅੰਤਿਮ ਅਰਦਾਸ ਵਿਚ ਜਿੱਥੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨ ਸ਼ਾਮਲ ਹੋਣਗੇ, ਉੱਥੇ ਹੀ ਸਿੱਖ ਸੰਗਤ ਨੂੰ ਵੀ ਇਸ ਦੌਰਾਨ ਸੇਵਾ ਕਰਨ ਦੀ ਅਪੀਲ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੁਰੂਕਸ਼ੇਤਰ ਦੀ ਕਾਰਜਕਾਰਣੀ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਮੁਲਤਾਨੀ ਨੇ ਮੀਡੀਆ ਰਾਹੀਂ ਕੀਤੀ ਹੈ।
ਕੁਰੂਕਸ਼ੇਤਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਾਰਜਕਾਰਣੀ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਮੁਲਤਾਨੀ ਅਤੇ ਹਰਕੇਸ਼ ਸਿੰਘ ਮੋਹੜੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਹਰਿਆਣਾ ਕਮੇਟੀ ਦੇ ਕਾਰਜਕਾਰਣੀ ਕਮੇਟੀ ਮੈਂਬਰ ਕੁਲਦੀਪ ਸਿੰਘ ਮੁਲਤਾਨੀ ਨੇ ਕਿਹਾ ਕਿ 1984 ਵਿਚ ਹੋਂਦ ਚਿੱਲੜ ਵਿਚ ਸਿੱਖ ਕਤਲੇਆਮ ਹੋਇਆ ਸੀ, ਜਿਸ ਦਾ ਪਤਾ ਸਾਲ 2011 ਵਿਚ ਲੱਗ ਸਕਿਆ ਸੀ। ਇਹ ਬਹੁਤ ਹੀ ਦੁੱਖਦਾਈ ਹੈ ਕਿ ਅੱਜ 45 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਸਿੱਖਾਂ ਦੀ ਅੰਤਿਮ ਅਰਦਾਸ ਨਹੀਂ ਹੋ ਸਕੀ।
ਇਸ ਲਈ ਹੁਣ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੁਰੂਕਸ਼ੇਤਰ ਨੇ ਫੈਸਲਾ ਲਿਆ ਹੈ ਕਿ ਹਰਿਆਣਾ ਕਮੇਟੀ ਵਲੋਂ 45 ਸਾਲ ਬਾਅਦ ਹੋਂਦ ਚਿੱਲੜ ਦੇ ਸਿੱਖ ਕਤਲੇਆਮ ਦਾ ਸ਼ਿਕਾਰ ਹੋਏ ਸਿੱਖ ਪਰਿਵਾਰਾਂ ਦੀ ਅੰਤਿਮ ਅਰਦਾਸ ਕਰਵਾਈ ਜਾਵੇਗੀ।