ਅਮਰਗੜ੍ਹ (ਬਠਿੰਡਾ), 25 ਸਤੰਬਰ (ਜਤਿੰਦਰ ਮੰਨਵੀ,ਪਵਿੱਤਰ ਸਿੰਘ)- ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਅਮਰਗੜ੍ਹ ਵਿਖੇ ਇੱਕ ਵਿਸ਼ੇਸ਼ ਡਰੋਨ ਸ਼ੋਅ ਕਰਵਾਇਆ ਗਿਆ। ਇਸ ਮੌਕੇ 500 ਡਰੋਨਾਂ ਨੇ ਅਸਮਾਨ 'ਚ ਰੌਸ਼ਨੀ ਨਾਲ ਵੱਖ-ਵੱਖ ਆਕ੍ਰਿਤੀਆਂ ਸਿਰਜ ਕੇ ਗੁਰੂ ਸਾਹਿਬ ਦੀ ਬਾਣੀ, ਜੀਵਨ-ਦਰਸ਼ਨ ਅਤੇ ਮਨੁੱਖੀ ਬਰਾਬਰੀ ਦੇ ਸੰਦੇਸ਼ ਨੂੰ ਬਹੁਤ ਖੂਬਸੂਰਤੀ ਨਾਲ ਸਾਕਾਰ ਕੀਤਾ।
ਇਸ ਅਲੌਕਿਕ ਪੇਸ਼ਕਾਰੀ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਸੰਗਤਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਗੁਰੂ ਸਾਹਿਬ ਵਲੋਂ ਦਰਸਾਇਆ ਬਰਾਬਰੀ, ਕਿਰਤ ਅਤੇ ਭਾਈਚਾਰਕ ਸਾਂਝ ਦਾ ਮਾਰਗ ਅੱਜ ਵੀ ਸਮਾਜ ਲਈ ਰਾਹ-ਦਸੇਰਾ ਹੈ। ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ 92 ਵਿਧਾਨ ਸਭਾ ਹਲਕਿਆਂ ਵਿਚ ਚੱਲ ਰਹੇ ਇਨ੍ਹਾਂ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਧੁਨਿਕ ਤਕਨੀਕ ਰਾਹੀਂ ਗੁਰੂ ਸਾਹਿਬ ਦੀ ਵਿਚਾਰਧਾਰਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਇਕ ਨਿਵੇਕਲਾ ਉਪਰਾਲਾ ਹੈ।
ਇਸ ਤੋਂ ਇਲਾਵਾ ਤਰਸੇਮ ਸਿੰਘ ਖੇਤਲਾ ਦੇ ਢਾਡੀ ਜੱਥੇ ਨੇ ਵਾਰਾਂ ਰਾਹੀਂ ਸੰਗਤਾਂ ਨੂੰ ਅਧਿਆਤਮਿਕ ਰੰਗ ਵਿਚ ਰੰਗਿਆ। ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਿੰਪੀ ਗਰਗ,ਐਸ.ਡੀ.ਐਮ. ਅਮਰਗੜ੍ਹ ਰਾਜੇਸ ਕੁਮਾਰ ਸ਼ਰਮਾਂ, ਡੀ.ਐਸ.ਪੀ, ਅਮਰਗੜ੍ਹ ਸੰਜੀਵ ਕਪੂਰ, ਡੀ.ਐਸ.ਪੀ. ਸ਼ਤੀਸ ਕੁਮਾਰ,ਡੀ.ਐਸ.ਪੀ. ਦੀਪਇੰਦਰ ਸਿੰਘ ਜੈਜੀ, ਕਾਰਜ ਸਾਧਕ ਅਫਸਰ, ਅਮਰਗੜ੍ਹ ਅਸ਼ੀਸ਼ ਕੁਮਾਰ, ਨਾਇਬ ਤਹਿਸੀਲਦਾਰ ਅਮਰਗੜ੍ਹ ਪ੍ਰਵੀਨ ਕੁਮਾਰ, ਵਿਧਾਇਕ ਦੀ ਧਰਮਪਤਨੀ ਡਾ. ਪਰਮਿੰਦਰ ਕੌਰ ਮੰਡੇਰ, ਚੇਅਰਮੈਨ ਕੇਵਲ ਸਿੰਘ ਜਾਗੋਵਾਲ,ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ ਰੁਚਿਕਾ ਕੌੜਾ,ਸਮਾਜ ਸੇਵੀ ਦੀਪਕ ਕੌੜਾ, ਚੇਅਰਮੈਨ ਮਾਰਕਿਟ ਕਮੇਟੀ ਅਮਰਗੜ੍ਹ ਹਰਪ੍ਰੀਤ ਸਿੰਘ ਹੈਪੀ ਨੰਗਲ, ਵਿਧਾਇਕ ਦੇ ਪੀ.ਏ ਰਾਜੀਵ ਕੁਮਾਰ, ਅਭੀਜੋਤ ਸਿੰਘ, ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ, ਜ਼ਿਲ੍ਹਾ ਮੀਡੀਆ ਕੁਆਡੀਨੇਟਰ ਹਰਪ੍ਰੀਤ ਸਿੰਘ ਰੂਪਰਾਏ, ਸਮੂਹ ਕੌਂਸਲਰ ਨਗਰ ਪੰਚਾਇਤ ਅਮਰਗੜ੍ਹ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।