ਅਜਨਾਲਾ, (ਅੰਮ੍ਰਿਤਸਰ), 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕਸਬਾ ਅਜਨਾਲਾ ਵਿਖੇ ਵਕਫ਼ ਬੋਰਡ ਤੋਂ ਲੀਜ਼ ’ਤੇ ਲਈ ਜਗ੍ਹਾ ਦੇ ਤਾਲੇ ਤੋੜ ਕੇ ਕਥਿਤ ਤੌਰ ’ਤੇ ਕੀਮਤੀ ਸਮਾਨ ਲਿਜਾਣ ਅਤੇ ਪੱਤਰਕਾਰ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਕਈ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਪੱਤਰਕਾਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਨੇੜੇ ਖਸਰਾ ਨੰਬਰ 96 ਵਿਚ ਵਕਫ਼ ਬੋਰਡ ਦੀ ਕਰੀਬ ਇਕ ਕਨਾਲ 14 ਮਰਲੇ ਜਗ੍ਹਾ ਵਿਚੋਂ ਉਨ੍ਹਾਂ ਨੇ 10 ਸਤੰਬਰ ਨੂੰ 175 ਗਜ਼ ਜਗ੍ਹਾ ਲੀਜ਼ ’ਤੇ ਲਈ ਸੀ। ਉਕਤ ਜਗ੍ਹਾ ਵਿਚ ਬਣੇ ਰਿਹਾਇਸ਼ੀ ਮਕਾਨ ਵਿਚ ਉਨ੍ਹਾਂ ਨੇ ਆਪਣਾ ਸਮਾਨ ਰੱਖਿਆ ਹੋਇਆ ਸੀ ਅਤੇ ਮਕਾਨ ਨੂੰ ਤਾਲਾ ਲਗਾਇਆ ਹੋਇਆ ਸੀ।
ਵਰਿੰਦਰ ਸ਼ਰਮਾ ਨੇ ਅੱਗੇ ਦੱਸਿਆ ਕਿ 19 ਸਤੰਬਰ ਰਾਤ ਕਰੀਬ 10 ਵਜੇ ਸਨਮ ਪੁੱਤਰ ਅਸ਼ੋਕ ਕੁਮਾਰ ਵਾਸੀ ਅਜਨਾਲਾ, ਰਾਕੇਸ਼ ਕੁਮਾਰ ਪੁੱਤਰ ਸਾਈਦਾਸ, ਹਨੀ ਫਰੂਟ ਵਾਲਾ ਪੁੱਤਰ ਬਾਊ, ਪ੍ਰਦੀਪ ਕੁਮਾਰ ਉਰਫ਼ ਪਿੰਨੀ ਪੁੱਤਰ ਰਵਿੰਦਰ ਕੁਮਾਰ ਵਾਸੀ ਵਾਰਡ ਨੰਬਰ 4 ਅਜਨਾਲਾ, ਹਰਜਿੰਦਰ ਸਿੰਘ ਉਰਫ਼ ਹਨੀ ਪੁੱਤਰ ਲਖਵਿੰਦਰ ਸਿੰਘ, ਵਿਸ਼ਾਲ ਅਰੋੜਾ ਉਰਫ਼ ਸੋਨਾ ਪੁੱਤਰ ਅਸ਼ੋਕ ਅਰੋੜਾ ਸਮੇਤ 10-15 ਅਣ-ਪਛਾਤੇ ਵਿਅਕਤੀ, ਜਿਨ੍ਹਾਂ ਕੋਲ ਕਥਿਤ ਤੌਰ ’ਤੇ ਪਿਸਤੌਲ ਅਤੇ ਹੋਰ ਹਥਿਆਰ ਸਨ, ਨੇ ਮਕਾਨ ਦੇ ਮੁੱਖ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋ ਕੇ ਬਿਜਲੀ ਦੇ 6 ਪੱਖੇ, ਮੋਟਰਾਂ, 3 ਟੁੱਲੂ ਪੰਪ, ਬਿਜਲੀ ਦੀ ਤਾਰ ਦੇ 10 ਬੰਡਲ, 3 ਨਵੇਂ ਛੱਤ ਵਾਲੇ ਪੱਖੇ, ਇਕ ਸਟੈਂਡ ਵਾਲਾ ਪੱਖਾ ਅਤੇ ਹੋਰ ਬਿਜਲੀ ਦਾ ਸਮਾਨ ਕੱਢ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਇਸ ਘਟਨਾ ਬਾਰੇ ਪਤਾ ਲੱਗਣ ’ਤੇ ਉਹ ਮੌਕੇ ’ਤੇ ਪਹੁੰਚੇ ਤਾਂ ਕਥਿਤ ਤੌਰ ’ਤੇ ਉਕਤ ਵਿਅਕਤੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਪ੍ਰਦੀਪ ਕੁਮਾਰ ਉਰਫ਼ ਪਿੰਨੀ ਵਲੋਂ ਉਨ੍ਹਾਂ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਲਾਹ ਲੈਣ ਦਾ ਵੀ ਦੋਸ਼ ਲਗਾਇਆ ਗਿਆ ਹੈ।
ਇਸ ਸੰਬੰਧੀ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਪੱਤਰਕਾਰ ਵਰਿੰਦਰ ਸ਼ਰਮਾ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।