ਅਜਨਾਲਾ (ਅੰਮ੍ਰਿਤਸਰ), 18 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਸਰਹੱਦੀ ਖੇਤਰ ਦੇ ਲੋਕਾਂ ਨੂੰ ਧਰਤੀ ਹੇਠਲੇ ਪਾਣੀ ਦੀ ਥਾਂ ਸਾਫ਼ ਕੀਤਾ ਹੋਇਆ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਮੱਝੂਪੁਰਾ ਵਿਖੇ ਚੱਲ ਰਿਹਾ ਕੰਦੋਵਾਲੀ ਸਰਫੇਸ ਵਾਟਰ ਪ੍ਰੋਜੈਕਟ ਹੁਣ ਮੁਕੰਮਲ ਹੋਣ ਦੇ ਪੜਾਅ ’ਤੇ ਪਹੁੰਚ ਗਿਆ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾਂ ਨੇ ਅਜਨਾਲਾ ਸਥਿਤ ਦਫ਼ਤਰ ਵਿਖੇ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਉਕਤ ਪ੍ਰੋਜੈਕਟ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਰਾਹੀਂ ਅਜਨਾਲਾ, ਹਰਸ਼ਾ ਛੀਨਾ ਅਤੇ ਮਜੀਠਾ ਬਲਾਕਾਂ ਦੇ 167 ਪਿੰਡਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 45,343 ਘਰਾਂ ਦੀ 2,65,994 ਦੀ ਆਬਾਦੀ ਨੂੰ ਪਾਣੀ ਦੀ ਸਪਲਾਈ ਮਿਲੇਗੀ। ਮੱਝੂਪੁਰਾ ਵਿਖੇ ਬਣਾਏ ਜਾ ਰਹੇ ਵਾਟਰ ਟਰੀਟਮੈਂਟ ਪਲਾਂਟ ਦੀ ਸਮਰੱਥਾ 39 ਐਮਐਲਡੀ ਹੈ ਅਤੇ ਪ੍ਰੋਜੈਕਟ ਲਈ 230.98 ਕਰੋੜ ਰੁਪਏ ਦੀ ਪ੍ਰਸ਼ਾਸਕੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿਚ 164.93 ਕਰੋੜ ਰੁਪਏ ਕੈਪੈਕਸ ਅਤੇ 66.02 ਕਰੋੜ ਰੁਪਏ ਆਪ੍ਰੇਸ਼ਨ ਤੇ ਮੇਨਟੇਨੈਂਸ ਲਈ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 281.5 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਨਹਿਰ ਤੋਂ ਪਾਣੀ ਲੈ ਕੇ ਆਧੁਨਿਕ ਤਰੀਕੇ ਨਾਲ ਟਰੀਟ ਅਤੇ ਫਿਲਟਰ ਕਰਨ ਉਪਰੰਤ ਇਸ ਨੂੰ ਪਿੰਡਾਂ ਦੀਆਂ ਟੈਂਕੀਆਂ ਰਾਹੀਂ ਘਰਾਂ ਤੱਕ ਪਹੁੰਚਾਇਆ ਜਾਵੇਗਾ। ਕਈ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਦੀ ਟੈਸਟਿੰਗ ਵੀ ਕੀਤੀ ਜਾ ਰਹੀ ਹੈ।
ਸੰਸਦ ਮੈਂਬਰ ਔਜਲਾ ਨੇ ਅੱਗੇ ਦੱਸਿਆ ਕਿ ਇਲਾਕੇ ਵਿਚ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਲੰਮੇ ਸਮੇਂ ਤੋਂ ਚਿੰਤਾ ਬਣੀ ਹੋਈ ਸੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਸੁਧਾਰਨ ਦੇ ਮਕਸਦ ਨਾਲ ਸਰਫੇਸ ਵਾਟਰ ਪ੍ਰੋਜੈਕਟ ਲਈ ਯਤਨ ਕੀਤੇ ਗਏ ਸਨ।