16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗੁਰਦੁਆਰਾ ਅਕਾਲਗੜ੍ਹ ਸਾਹਿਬ ਨੇੜੇ ਸੀਵਰੇਜ ਹੌਦੀ ਬਣਾਉਣ ਵਿਰੁੱਧ ਸੰਗਤਾਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ

ਸਨੌਰ (ਪਟਿਆਲਾ), 16 ਸਤੰਬਰ (ਮੋਹਣ ਸਿੰਘ ਭੱਟੀ)- ਇਤਿਹਾਸਕ ਗੁਰਦੁਆਰਾ ਅਕਾਲਗੜ੍ਹ ਸਾਹਿਬ, ਸਨੌਰ ਦੇ ਮੁੱਖ ਗੇਟ ਨੇੜੇ ਸੀਵਰੇਜ...

ਅਜੀਤ ਡੈਸਕ 16-09-2026

ਸਨੌਰ (ਪਟਿਆਲਾ), 16 ਸਤੰਬਰ (ਮੋਹਣ ਸਿੰਘ ਭੱਟੀ)- ਇਤਿਹਾਸਕ ਗੁਰਦੁਆਰਾ ਅਕਾਲਗੜ੍ਹ ਸਾਹਿਬ, ਸਨੌਰ ਦੇ ਮੁੱਖ ਗੇਟ ਨੇੜੇ ਸੀਵਰੇਜ ਦੀ ਖੁੱਲ੍ਹੀ ਹੌਦੀ ਬਣਾਏ ਜਾਣ ਦੇ ਵਿਰੋਧ ਵਿਚ ਗੁਰਦੁਆਰਾ ਪ੍ਰਬੰਧਕਾਂ, ਸੇਵਾਦਾਰਾਂ, ਪ੍ਰਜਾਪਤ ਬਰਾਦਰੀ ਦੇ ਆਗੂਆਂ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਕੱਤਰ ਹੋਈਆਂ ਸੰਗਤਾਂ ਨੇ ਨਗਰ ਕੌਂਸਲ ਪ੍ਰਸ਼ਾਸਨ ਅਤੇ ਸਬੰਧਤ ਠੇਕੇਦਾਰ ਦੀ ਮਨਮਾਨੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਗੁਰੂ ਘਰ ਦੀ ਪਵਿੱਤਰਤਾ ਭੰਗ ਹੋਣ ਤੋਂ ਰੋਕਣ ਲਈ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗੇਟ 'ਤੇ ਸੇਵਾ ਨਿਭਾ ਰਹੇ ਸੇਵਾਦਾਰ ਮਨਜੀਤ ਸਿੰਘ ਨੇ ਦੋਸ਼ ਲਾਇਆ ਕਿ ਗੁਰਦੁਆਰਾ ਪ੍ਰਬੰਧਕਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਠੇਕੇਦਾਰ ਦੀ ਲੇਬਰ ਵਲੋਂ ਪੁਰਾਣੇ ਨਾਲੇ ਦੀ ਸਫ਼ਾਈ ਕੀਤੇ ਬਿਨ੍ਹਾਂ, ਜੁਆਇੰਟਾਂ 'ਤੇ ਬਿਨ੍ਹਾਂ ਰਿੰਗ ਤੇ ਸੀਮਿੰਟ ਲਗਾਏ ਅਤੇ ਬਿਨ੍ਹਾਂ ਲੈਵਲ ਚੈੱਕ ਕੀਤੇ ਛੋਟੇ ਪਾਈਪ ਪਾ ਦਿੱਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਇਹ ਸਾਰੇ ਗ਼ਲਤ ਪਾਏ ਗਏ ਪਾਈਪ ਤੁਰੰਤ ਪੁੱਟੇ ਜਾਣ, ਪੁਰਾਣੇ ਨਾਲੇ ਉੱਪਰ ਨਵਾਂ ਲੈਂਟਰ ਪਾਇਆ ਜਾਵੇ ਅਤੇ ਗੁਰਦੁਆਰਾ ਸਾਹਿਬ ਦੇ ਗੇਟ ਨੇੜੇ ਬਣਾਈ ਜਾ ਰਹੀ ਹੌਦੀ ਨੂੰ ਇੱਥੋਂ ਦੂਰ ਤਬਦੀਲ ਕੀਤਾ ਜਾਵੇ।

ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਪ੍ਰਜਾਪਤ ਬਰਾਦਰੀ ਦੇ ਪ੍ਰਧਾਨ ਬੂਟਾ ਸਿੰਘ, ਸਨੌਰ ਸੁਧਾਰ ਸੰਘਰਸ਼ ਕਮੇਟੀ ਦੇ ਪ੍ਰਧਾਨ ਤੇ ਮਨੁੱਖੀ ਅਧਿਕਾਰ ਪੰਜਾਬ ਕੋਰ ਕਮੇਟੀ ਪਟਿਆਲਾ ਦੇ ਮੈਂਬਰ ਜੀ.ਬੀ. ਸਿੰਘ ਪੰਮੀ ਪਟਵਾਰੀ ਅਤੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਚੇਅਰਮੈਨ ਜਥੇਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਸਮਸ਼ਾਨਘਾਟ ਰੋਡ 'ਤੇ ਬਣੇ ਮੈਨਹੋਲਾਂ ਵਿਚੋਂ ਅਕਸਰ ਗੰਦਾ ਪਾਣੀ ਓਵਰਫ਼ਲੋਅ ਹੋ ਕੇ ਸੜਕ 'ਤੇ ਫੈਲ ਜਾਂਦਾ ਹੈ।

ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕਾਂ ਨੇ ਪੀਰ ਗਲੀ ਨੇੜਿਓਂ ਪੁਰਾਣਾ ਖੁੱਲ੍ਹਾ ਸੀਮਿੰਟ ਨਾਲਾ ਦੋ ਥਾਵਾਂ ਤੋਂ ਤੋੜ ਕੇ ਨੱਕਾ ਲਗਾ ਦਿੱਤਾ ਹੈ ਅਤੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਜਾਂਦੀ ਸੜਕ 'ਤੇ ਗੰਦਾ ਪਾਣੀ ਛੱਡ ਕੇ ਰਸਤਾ ਖ਼ਰਾਬ ਕਰ ਦਿੱਤਾ ਹੈ। ਆਗੂਆਂ ਨੇ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਵਿਭਾਗੀ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਸੰਗਤਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਗੁਰਦੁਆਰਾ ਅਕਾਲਗੜ੍ਹ ਸਾਹਿਬ ਤੋਂ ਗੁੱਗਾ ਮਾੜੀ ਮੋੜ ਤੱਕ 100 ਐੱਮ.ਐੱਮ. (100ਮਮ) ਕੰਕਰੀਟ ਜਾਂ ਇੰਟਰਲਾਕ ਟਾਈਲਾਂ ਵਾਲੀ ਮਜ਼ਬੂਤ ਸੜਕ ਤੁਰੰਤ ਬਣਾਈ ਜਾਵੇ। ਇਸ ਰੋਸ ਪ੍ਰਦਰਸ਼ਨ ਵਿਚ ਨਿਰੰਜਨ ਸਿੰਘ (ਮੁਲਾਜ਼ਮ ਹਾਂਡਾ ਪੈਲੇਸ), ਗੁਰਦੁਆਰਾ ਸਾਹਿਬ ਦੇ ਸੇਵਾਦਾਰ, ਇਲਾਕੇ ਦੇ ਦੁਕਾਨਦਾਰ ਅਤੇ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਹਾਜ਼ਰ ਸਨ।

ਪਿਛਲੀ ਖ਼ਬਰ ਰੈਵੇਨਿਊ ਪਟਵਾਰ ਯੂਨੀਅਨ ਸੁਲਤਾਨਪੁਰ ਲੋਧੀ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਤਹਿਸੀਲ ਪੱਧਰੀ ਹੜਤਾਲ ਅਗਲੀ ਖ਼ਬਰ ਸੁਨਾਮ ਪੁਲਿਸ ਵਲੋਂ ਇਕ ਦੇਸੀ ਪਿਸਤੌਲ ਤੇ 6 ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ