16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਆਰੰਭ

ਸੁਲਤਾਨਪੁਰ ਲੋਧੀ (ਕਪੂਰਥਲਾ), 16 ਸਤੰਬਰ (ਅਮਰਜੀਤ ਕੋਮਲ, ਨਰੇਸ਼,ਹੈਪੀ, ਥਿੰਦ) - ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ...

ਅਜੀਤ ਡੈਸਕ 16-09-2026

ਸੁਲਤਾਨਪੁਰ ਲੋਧੀ (ਕਪੂਰਥਲਾ), 16 ਸਤੰਬਰ (ਅਮਰਜੀਤ ਕੋਮਲ, ਨਰੇਸ਼,ਹੈਪੀ, ਥਿੰਦ) -  ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਖ਼ਾਲਸਾਈ ਜਾਹੋ ਜਹਾਲ ਨਾਲ ਆਰੰਭ ਹੋਇਆ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਅਰਦਾਸ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਚੇਚੇ ਤੌਰ 'ਤੇ ਸ਼ਾਮਿਲ ਹੋ ਕੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ। ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਆਰੰਭ ਹੋ ਕੇ ਨਗਰ ਕੀਰਤਨ ਬਟਾਲਾ ਲਈ ਰਵਾਨਾ ਹੋਇਆ ਜੋ ਅੱਜ ਸ਼ਾਮ ਨੌਵੀਂ ਪਾਤਸ਼ਾਹੀ ਨਾਲ ਸੰਬੰਧਿਤ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਰਾਤਰੀ ਵਿਸ਼ਰਾਮ ਕਰੇਗਾ ਅਤੇ 17 ਸਤੰਬਰ ਵੀਰਵਾਰ ਸਵੇਰੇ 8 ਵਜੇ ਬਟਾਲਾ ਲਈ ਰਵਾਨਾ ਹੋਵੇਗਾ। ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਮਾਰਗ ਵਿਚ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ। ਪੁਲਿਸ ਦੀ ਟੁਕੜੀ ਨੇ ਰੋਟਰੀ ਚੌਂਕ ਵਿਚ ਵਿਆਹ ਰੂਪੀ ਨਗਰ ਕੀਰਤਨ ਨੂੰ ਸਲਾਮੀ ਦਿੱਤੀ। ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਤਲਵੰਡੀ ਚੌਕ ਅਤੇ 'ਆਪ' ਦੇ ਹਲਕਾ ਇੰਚਾਰਜ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਗਰ ਕੀਰਤਨ ਦਾ ਸਵਾਗਤ ਕੀਤਾ। ਨਗਰ ਕੀਰਤਨ ਵਿਚ ਪੰਜਾਬੀ ਬੈਂਡ ਨਾਨਕਮਈ ਧਾਰਮਿਕ ਧੁਨਾਂ ਬਿਖੇਰ ਰਿਹਾ ਸੀ ਅਤੇ ਗੱਤਕਾ ਪਾਰਟੀਆਂ ਆਪਣੀ ਕਲਾ ਦੇ ਜੌਹਰ ਵਿਖਾ ਰਹੀਆਂ ਸਨ। ਵੱਡੀ ਗਿਣਤੀ ਵਿਚ ਸ਼ਰਧਾਲੂ ਸੰਗਤਾਂ ਬੱਸਾਂ, ਕਾਰਾਂ ਤੇ ਹੋਰ ਸਾਧਨਾਂ ਰਾਹੀਂ ਨਗਰ ਕੀਰਤਨ ਵਿਚ ਬਟਾਲਾ ਲਈ ਰਵਾਨਾ ਹੋਈਆਂ। ਵੱਖ ਵੱਖ ਧਾਰਮਿਕ ਸਭਾ ਸੁਸਾਇਟੀਆਂ ਆਪੋ ਆਪਣੀਆਂ ਸੇਵਾਵਾਂ ਵਿਚ ਲੱਗੇ ਹੋਏ ਸਨ। 

 

ਪਿਛਲੀ ਖ਼ਬਰ ਪੁਲਿਸ ਹਿਰਾਸਤ ਦੌਰਾਨ ਭੇਦਭਰੀ ਹਾਲਤ ਵਿਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਦੇਰ ਰਾਤ ਪਟਿਆਲੇ ਦੇ ਵਿਚ ਈਡੀ ਵਲੋਂ ਰੇਡ