ਲਾਲੜੂ (ਮੋਹਾਲੀ), 14 ਸਤੰਬਰ (ਰਾਜਬੀਰ ਸਿੰਘ) ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ (ਰਜਿ. ਸੁਸਾਇਟੀ), ਲਾਲੜੂ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਪਿਛਲੇ ਕਈ ਦਹਾਕਿਆਂ ਤੋਂ ਚਲਾਈ ਜਾ ਰਹੀ ਸਹਿਯੋਗ ਮੁਹਿੰਮ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਜਾਸਤਨਾ ਕਲਾਂ ਨੂੰ ਪੰਜ ਪੱਖੇ ਅਤੇ ਸਰਕਾਰੀ ਹਾਈ ਸਕੂਲ ਕਾਰਕੌਰ ਨੂੰ ਆਰ.ਓ. ਸਿਸਟਮ ਭੇਂਟ ਕੀਤਾ ਗਿਆ।
ਇਸ ਮੌਕੇ ਡਾ. ਮੁਲਤਾਨੀ ਨੇ ਦੱਸਿਆ ਕਿ ਟਰੱਸਟ ਵੱਲੋਂ ਡੇਰਾਬੱਸੀ ਬਲਾਕ ਦੇ ਲਗਭਗ ਸਾਰੇ ਸਕੂਲਾਂ ਨੂੰ ਧੂੰਆਂ ਰਹਿਤ ਕਰਨ ਲਈ ਸਹਿਯੋਗ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਈ ਸਕੂਲਾਂ ਵਿਚ ਪੱਖਿਆਂ, ਸਾਫ਼ ਪੀਣ ਵਾਲੇ ਪਾਣੀ ਲਈ ਆਰ.ਓ. ਸਿਸਟਮਾਂ ਅਤੇ ਡੂੰਘੇ ਟਿਊਬਵੈੱਲਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਅੱਗੇ ਉਨ੍ਹਾਂ ਕਿਹਾ ਕਿ ਸਕੂਲੀ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਮਿਆਰੀ ਸਿੱਖਿਆ ਲਈ ਸਮਾਜ ਦੇ ਹਰ ਵਰਗ ਨੂੰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣਾ ਚਾਹੀਦਾ ਹੈ। ਸ਼ੈਲਟਰ ਚੈਰੀਟੇਬਲ ਟਰੱਸਟ ਵੱਲੋਂ ਇਹ ਸੇਵਾ ਮੁਹਿੰਮ ਪਿਛਲੇ ਕਈ ਦਹਾਕਿਆਂ ਤੋਂ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਸ ਨੂੰ ਜਾਰੀ ਰੱਖਿਆ ਜਾਵੇਗਾ। ਭਾਵੇਂ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਕਈ ਮਾਪਦੰਡਾਂ ’ਤੇ ਅੱਗੇ ਹੈ ਪਰ ਇਹ ਚਿੰਤਾ ਦਾ ਵਿਸ਼ਾ ਹੈ ਕਿ ਅਜੇ ਵੀ ਪੰਜਾਬ ਦੇ ਤਕਰੀਬਨ ਦੋ ਹਜ਼ਾਰ ਪ੍ਰਾਇਮਰੀ ਸਕੂਲਾਂ ਵਿਚ ਪੰਜ ਕਲਾਸਾਂ ਲਈ ਸਿਰਫ਼ ਇਕ ਅਧਿਆਪਕ ਉਪਲਬਧ ਹੈ। ਉਨ੍ਹਾਂ ਇਸ ਨੂੰ ਸਿੱਖਿਆ ਪ੍ਰਣਾਲੀ ਦੀ ਇੱਕ ਵੱਡੀ ਘਾਟ ਕਰਾਰ ਦਿੰਦਿਆਂ ਸਰਕਾਰਾਂ ਨੂੰ ਇਸ ਵੱਲ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ।
ਇੱਥੇ ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸਿਹਤ ਅਤੇ ਸਿੱਖਿਆ ਨੂੰ ਨੀਤੀਗਤ ਤੌਰ ’ਤੇ ਸਭ ਤੋਂ ਵੱਧ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ ਅਤੇ ਮੁਫ਼ਤਖੋਰੀ ਦੀ ਰਾਜਨੀਤੀ ਅਤੇ ਗੁੰਮਰਾਹਕੁਨ ਪ੍ਰਚਾਰ ਤੋਂ ਸੰਕੋਚ ਕਰਦਿਆਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਮਿਆਰੀ ਸੇਵਾਵਾਂ ਦੇਣ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਇਸ ਮੌਕੇ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ,ਜਨਰਲ ਸਕੱਤਰ ਰਾਜਬੀਰ ਸਿੰਘ ਰਾਣਾ, ਖ਼ਜ਼ਾਨਚੀ ਰਘੁਬੀਰ ਜੁਨੇਜਾ, ਪ੍ਰੈੱਸ ਸਕੱਤਰ ਸਤੀਸ਼ ਰਾਣਾ , ਮੈਂਬਰ ਸਾਗਰ ਧੀਮਾਨ , ਮਨੋਜ ਮਹਿਤਾ, ਜੱਗੀ ਤੁਸ਼ਾਰ ਤੋਂ ਇਲਾਵਾ ਦੋਵੇਂ ਸਕੂਲਾਂ ਦਾ ਸਟਾਫ਼ ਵੀ ਹਾਜ਼ਰ ਸੀ।