13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਗੈਂਗਸਟਰ ਬੂਰੀ ਬਸੰਤਕੋਟੀਆ ਸਮੇਤ ਪੰਜ ਵਿਅਕਤੀ ਗ੍ਰਿਫ਼ਤਾਰ, 6 ਪਿਸਤੌਲ ਬਰਾਮਦ

ਗੁਰਦਾਸਪੁਰ, 13 ਸਤੰਬਰ (ਗੁਰਪ੍ਰਤਾਪ ਸਿੰਘ) - ਪੰਜਾਬ ਨੂੰ ਸੁਰੱਖਿਅਤ ਅਤੇ ਅਪਰਾਧ-ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੇ ਇਕ ਕੇਂਦਰੀ...

ਅਜੀਤ ਡੈਸਕ 13-09-2026

ਗੁਰਦਾਸਪੁਰ, 13 ਸਤੰਬਰ (ਗੁਰਪ੍ਰਤਾਪ ਸਿੰਘ) - ਪੰਜਾਬ ਨੂੰ ਸੁਰੱਖਿਅਤ ਅਤੇ ਅਪਰਾਧ-ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੇ ਇਕ ਕੇਂਦਰੀ ਏਜੰਸੀ ਦੇ ਸਹਿਯੋਗ ਨਾਲ ਵੱਡੀ ਸਫਲਤਾ ਹਾਸਲ ਕਰਦਿਆਂ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਰਮਾ ਗਰਮੀ ਭਰੇ ਪਿੱਛੇ ਦੌਰਾਨ ਗੈਂਗਸਟਰ ਬੂਰੀ ਬਸੰਤਕੋਟੀਆ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਪੁਲਿਸ ਨੇ ਇਕ 9 ਐਮ ਐਮ ਬੇਰੇਟਾ, ਇਕ 9 ਐਮ ਐਮ ਗਲੌਕ ਸਮੇਤ 6 ਪਿਸਤੌਲ ਬਰਾਮਦ ਕੀਤੇ ਹਨ। ਇਸ ਦੇ ਨਾਲ ਨਾਲ ਪੁਲਿਸ ਵਲੋਂ 49 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਆਦਿਤਿਆ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਸੀ ਅਲੂਣਾ, ਕਰਨ ਕੁਮਾਰ ਵਾਸੀ ਭੌਂਪੁਰ ਅਫ਼ਗਾਨਾ, ਬਲਰਾਜ ਸਿੰਘ ਉਰਫ਼ ਬੂਰੀ ਵਾਸੀ ਬਸੰਤਕੋਟ, ਅਮਰੀਕ ਸਿੰਘ ਉਰਫ਼ ਸੋਨੂੰ ਵਾਸੀ ਜੋਰੀਆ ਕਲਾਂ ਡੇਰਾ ਬਾਬਾ ਨਾਨਕ ਅਤੇ ਮਨਜਿੰਦਰ ਸਿੰਘ ਉਰਫ਼ ਮੰਗੂ, ਵਾਸੀ ਉੱਪਲ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਹਥਿਆਰਾਂ ਤੋਂ ਇਲਾਵਾ ਮੁਲਜ਼ਮਾਂ ਵਲੋਂ ਵਰਤੀ ਜਾ ਰਹੀ ਮਹਿੰਦਰਾ ਸਕਾਰਪੀਓ ਕਾਰ ਵੀ ਕਬਜ਼ੇ ਵਿਚ ਲੈ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਇਹ ਖੇਪ ਡਰੋਨ ਰਾਹੀਂ ਸਰਹੱਦ ਪਾਰੋਂ ਤਸਕਰੀ ਕਰਕੇ ਲਿਆਂਦੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ, ਜਿਸ ਤਹਿਤ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਨਾਲ ਜੁੜੀਆਂ ਅਗਲੀਆਂ-ਪਿਛਲੀਆਂ ਕੜੀਆਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। 
ਕਾਰਵਾਈ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਸਐਸਪੀ ਗੁਰਦਾਸਪੁਰ ਆਦਿਤਿਆ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਸਪੈਸ਼ਲ ਬ੍ਰਾਂਚ ਗੁਰਦਾਸਪੁਰ, ਥਾਣਾ ਦੋਰਾਂਗਲਾ ਅਤੇ ਥਾਣਾ ਬਹਿਰਾਮਪੁਰ ਦੀਆਂ ਪੁਲਿਸ ਟੀਮਾਂ ਨੇ ਪਿੰਡ ਨੂਰਪੁਰ ਥੇਹ ਦੇ ਚੌਕ ਨੇੜੇ ਇਕ ਮਹਿੰਦਰਾ ਸਕਾਰਪੀਓ ਕਾਰ ਖੜ੍ਹੀ ਦੇਖੀ। ਕਾਰ ਦੇ ਬਾਹਰ ਦੋ ਵਿਅਕਤੀ ਬੈਠੇ ਸਨ, ਜਦਕਿ ਤਿੰਨ ਵਿਅਕਤੀ ਕਾਰ ਦੇ ਅੰਦਰ ਮੌਜੂਦ ਸਨ। ਐਸਐਸਪੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਦੇਖਦਿਆਂ ਹੀ ਕਾਰ ਦੇ ਡਰਾਈਵਰ ਨੇ ਤੇਜ਼ੀ ਨਾਲ ਗੱਡੀ ਭਜਾ ਲਈ। ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਮੌਜੂਦ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਸਕਾਰਪੀਓ ਕਾਰ ਦਾ ਪਿੱਛਾ ਕਰਦਿਆਂ ਇਸ ਨੂੰ ਥਾਣਾ ਕਲਾਨੌਰ ਦੇ ਇਲਾਕੇ ਵਿਚ ਸਫਲਤਾਪੂਰਵਕ ਰੋਕ ਲਿਆ। ਇਸ ਕਾਰਵਾਈ ਦੌਰਾਨ ਗੈਂਗਸਟਰ ਬਲਰਾਜ ਸਿੰਘ ਉਰਫ਼ ਬੂਰੀ ਬਸੰਤਕੋਟੀਆ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਕੁੱਲ ਛੇ ਪਿਸਤੌਲ, ਮੈਗਜ਼ੀਨ ਅਤੇ 49 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।ਐਸਐਸਪੀ ਆਦਿਤਿਆ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਬਲਰਾਜ ਸਿੰਘ ਉਰਫ਼ ਬੂਰੀ ਬਸੰਤਕੋਟੀਆ ਇਕ ਨਾਮੀ ਅਪਰਾਧੀ ਹੈ ਅਤੇ ਉਸ ਦਾ ਲੰਮਾ ਅਪਰਾਧਿਕ ਰਿਕਾਰਡ ਹੈ। ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਅਤੇ ਐਨਡੀਪੀਐਸ ਐਕਟ ਨਾਲ ਸੰਬੰਧਿਤ ਮਾਮਲਿਆਂ ਵਿਚ ਕੁੱਲ 26 ਐਫਆਈਆਰ ਦਰਜ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਪਿਛਲੀ ਖ਼ਬਰ ਪਿਸਤੌਲ ਸਮੇਤ ਇਕ ਨੌਜਵਾਨ ਕਾਬੂ ਅਗਲੀ ਖ਼ਬਰ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ