ਮਾਛੀਵਾੜਾ ਸਾਹਿਬ (ਲੁਧਿਆਣਾ), 12 ਸਤੰਬਰ (ਰਾਜਦੀਪ ਸਿੰਘ ਅਲਬੇਲਾ) - ਸਮਰਾਲਾ ਰੋਡ ’ਤੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਹਰਵਿੰਦਰ ਸਿੰਘ (25) ਵਾਸੀ ਚਹਿਲਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਮਾਛੀਵਾੜਾ ਨੇੜ੍ਹੇ ਕੁਹਾੜਾ ਰੋਡ ’ਤੇ ਇਕ ਧਾਗਾ ਫੈਕਟਰੀ ਵਿਚ ਓਵਰ ਟਾਈਮ ਲਗਾ ਕੇ ਵਾਪਸ ਘਰ ਨੂੰ ਜਾ ਰਿਹਾ ਸੀ। ਕਰੀਬ 12 ਵਜੇ ਪਿੰਡ ਊਰਨਾ ਦੇ ਮੋੜ ਤੋਂ ਅੱਗੇ ਇਕ ਕਾਰ ਸਵਾਰ ਨੇ ਉਸ ਨੂੰ ਫੇਟ ਮਾਰੀ ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।
ਉਸਦੇ ਸਿਰ ਵਿਚ ਗਹਿਰੀ ਸੱਟ ਲੱਗੀ ਅਤੇ ਜਦੋਂ ਇਲਾਜ ਲਈ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪ੍ਰਗਟ ਸਿੰਘ ਨੇ ਕਿਹਾ ਕਿ ਲਾਸ਼ ਨੂੰ ਕਬਜੇ ਵਿਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਜੋ ਅਜੇ ਕੁਆਰਾ ਸੀ। ਉਸਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੁਲਿਸ ਵਲੋਂ ਕਾਰ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਸੜਕ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਅਧਾਰ ’ਤੇ ਫ਼ਰਾਰ ਹੋਈ ਕਾਰ ਦੀ ਪਹਿਚਾਣ ਕੀਤੀ ਜਾ ਰਹੀ ਹੈ।