ਚੰਡੀਗੜ੍ਹ, 12 ਸਤੰਬਰ- ਮਾਨ ਸਰਕਾਰ ਵਲੋਂ ਗੈਂਗਸਟਰਾਂ 'ਤੇ ਕੀਤੀ ਗਈ ਕਾਰਵਾਈ ਨੂੰ ਵੱਡੀ ਸਫ਼ਲਤਾ ਮਿਲੀ ਹੈ।ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਅੰਮ੍ਰਿਤ ਦਾਲਮ ਉਰਫ਼ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਾਪਸ ਲਿਆਂਦਾ ਗਿਆ। ਪੰਜਾਬ ਪੁਲਿਸ ਦੀ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰਡੀਸ਼ਨ ਸੈੱਲ (OFTEC) ਟੀਮ ਅੰਮ੍ਰਿਤ ਦਾਲਮ ਨੂੰ ਮੋਲਡੋਵਾ ਤੋਂ ਭਾਰਤ ਲੈ ਕੇ ਆਈ ਸੀ। ਉਹ ਅਕਤੂਬਰ 2024 ਵਿਚ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਭਾਰਤ ਤੋਂ ਭੱਜ ਗਿਆ ਸੀ।
ਏ.ਜੀ.ਟੀ.ਐਫ਼. ਅਤੇ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰਡੀਸ਼ਨ ਸੈੱਲ ਨੇ ਛੇ ਮਹੀਨਿਆਂ ਲਈ 'ਆਪ੍ਰੇਸ਼ਨ ਈਸਟਰਨ ਰੀਚ' ਚਲਾਇਆ, ਜਿਸ ਵਿਚ ਸਫਲਤਾ ਪ੍ਰਾਪਤ ਹੋਈ। ਪੰਜਾਬ ਪੁਲਿਸ ਦੀ ਟੀਮ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਨੂੰ ਵੀ ਯਕੀਨੀ ਬਣਾਇਆ। ਅੰਮ੍ਰਿਤ ਦਾਲਮ ਨੂੰ ਮੋਲਡੋਵਾ ਦੇ ਓਟਾਸੀ ਬਾਰਡਰ ਕਰਾਸਿੰਗ 'ਤੇ ਹਿਰਾਸਤ ਵਿਚ ਲਿਆ ਗਿਆ।
11 ਸਤੰਬਰ ਨੂੰ ਪੰਜਾਬ ਪੁਲਿਸ ਦੀ ਚਾਰ ਮੈਂਬਰੀ ਟੀਮ ਨੇ ਅੰਮ੍ਰਿਤ ਦਾਲਮ ਨੂੰ ਮੋਲਡੋਵਾ ਹਵਾਈ ਅੱਡੇ 'ਤੇ ਹਿਰਾਸਤ ਵਿਚ ਲੈ ਲਿਆ। ਅੰਮ੍ਰਿਤ ਦਾਲਮ ਵਿਰੁੱਧ ਕਤਲ, ਅਸਲਾ ਐਕਟ, ਐਨ.ਡੀ.ਪੀ.ਐਸ. ਐਕਟ, ਯੂ.ਏ.ਪੀ.ਏ. ਅਤੇ ਜਬਰੀ ਵਸੂਲੀ ਸਮੇਤ 21 ਅਪਰਾਧਿਕ ਮਾਮਲੇ ਦਰਜ ਹਨ।