ਡੱਬਵਾਲੀ (ਹਰਿਆਣਾ), 11 ਸਤੰਬਰ (ਇਕਬਾਲ ਸਿੰਘ ਸ਼ਾਂਤ)- ਬਾਰ ਐਸੋਸੀਏਸ਼ਨ ਡੱਬਵਾਲੀ ਦੇ ਪ੍ਰਧਾਨਗੀ ਅਹੁਦੇ ਦੀ ਫਸਵੀਂ ਚੋਣ ਵਿਚ ਦੋਵੇਂ ਉਮੀਦਵਾਰਾਂ ਨੂੰ ਬਰਾਬਰ ਵੋਟਾਂ ਮਿਲਣ ਕਾਰਨ ਨਤੀਜਾ ‘ਡਰਾਅ’ ਰਿਹਾ। ਸੀਨੀਅਰ ਵਕੀਲ ਰਾਜਪਾਲ ਸਿੰਘ ਸਿੱਧੂ ਅਤੇ ਕਾਲੀ ਦੇਵੀ ਨੂੰ 126-126 ਵੋਟਾਂ ਪਈਆਂ। ਇਸ ਉਪਰੰਤ ਵਕੀਲ ਭਾਈਚਾਰੇ ਦੀ ਆਪਸੀ ਸਹਿਮਤੀ ਨਾਲ ਦੋਵਾਂ ਨੂੰ ਛੇ-ਛੇ ਮਹੀਨੇ ਲਈ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪਣ ਦਾ ਫ਼ੈਸਲਾ ਲਿਆ ਗਿਆ।
ਫ਼ੈਸਲੇ ਮੁਤਾਬਕ ਰਾਜਪਾਲ ਸਿੰਘ ਸਿੱਧੂ ਪਹਿਲੇ ਛੇ ਮਹੀਨੇ ਬਾਰ ਐਸੋਸੀਏਸ਼ਨ ਦੀ ਕਮਾਨ ਸੰਭਾਲਣਗੇ, ਜਦਕਿ ਉਨ੍ਹਾਂ ਮਗਰੋਂ ਕਾਲੀ ਦੇਵੀ ਅਗਾਮੀ ਛੇ ਮਹੀਨਿਆਂ ਲਈ ਪ੍ਰਧਾਨ ਰਹਿਣਗੇ। ਡੱਬਵਾਲੀ ਬਾਰ ਦੇ ਇਤਿਹਾਸ ਵਿਚ ਕਾਲੀ ਦੇਵੀ ਪਹਿਲੀ ਮਹਿਲਾ ਵਕੀਲ ਪ੍ਰਧਾਨ ਹੋਣਗੇ। ਜ਼ਿਕਰਯੋਗ ਹੈ ਕਿ ਕਾਲੀ ਦੇਵੀ ਇਸ ਤੋਂ ਪਹਿਲਾਂ ਸਾਲ 2020-21 ਵਿੱਚ ਬਾਰ ਦੀ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸਤੋਂ ਇਲਾਵਾ ਵਧੀਕ ਉਪ-ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ਵਿਚ ਰੁਖ਼ਸਾਰ ਖ਼ਾਨ ਨੇ 131 ਵੋਟਾਂ ਹਾਸਲ ਕਰਕੇ ਸ਼ੀਲਾ ਮਹਾਂਰੁਦਰ (121 ਵੋਟਾਂ) ਨੂੰ ਹਰਾਇਆ। ਡੱਬਵਾਲੀ ਬਾਰ ਵਿਚ ਕੁੱਲ 266 ਵੋਟਾਂ ਵਿਚੋਂ ਸਿਰਫ਼ 29 ਵੋਟਾਂ ਹੀ ਮਹਿਲਾ ਵਕੀਲਾਂ ਦੀਆਂ ਹਨ, ਇਸ ਦੇ ਬਾਵਜੂਦ ਮਹਿਲਾ ਸ਼ਕਤੀ ਨੇ ਆਪਣਾ ‘ਚੁਣਾਵੀ’ ਦਮਖ਼ਮ ਬਾਖ਼ੂਬੀ ਸਾਬਤ ਕੀਤਾ।
ਚੋਣ ਅਧਿਕਾਰੀ ਸੀਨੀਅਰ ਵਕੀਲ ਕੁਲਵੰਤ ਸਿੰਘ ਸਿੱਧੂ ਅਤੇ ਸੁਖਜਿੰਦਰ ਸਿੰਘ ਸਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰ ਐਸੋਸੀਏਸ਼ਨ ਦੇ ਕੁੱਲ ਮੈਂਬਰਾਂ ਵਿਚੋਂ 252 ਵਕੀਲਾਂ ਦੀਆਂ ਵੋਟਾਂ ਭੁਗਤੀਆਂ। ਉਨ੍ਹਾਂ ਦੱਸਿਆ ਕਿ ਅਮਰ ਸਿੰਘ ਸਹਾਰਨ ਨੂੰ ਉਪ ਪ੍ਰਧਾਨ, ਮਨਦੀਪ ਸਿੰਘ ਮਾਨ ਨੂੰ ਸਕੱਤਰ ਅਤੇ ਪੂਨਮ ਨੂੰ ਆਡੀਟਰ ਪਹਿਲਾਂ ਹੀ ਬਿਨ੍ਹਾਂ ਮੁਕਾਬਲਾ (ਨਿਰਵਿਰੋਧ) ਚੁਣਿਆ ਜਾ ਚੁੱਕਿਆ ਹੈ।