ਚੰਡੀਗੜ੍ਹ, 11 ਸਤੰਬਰ- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਲ 2015 ਦੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਅੱਜ ਪੇਸ਼ ਨਹੀਂ ਹੋਏ। ਐਸ.ਆਈ.ਟੀ. ਵਲੋਂ ਉਨ੍ਹਾਂ ਨੂੰ ਸੈਕਟਰ-32 ਸਥਿਤ ਪੰਜਾਬ ਪੁਲਿਸ ਆਫ਼ੀਸਰਜ਼ ਇੰਸਟੀਚਿਊਟ (PPOI) ਵਿਖੇ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਗਏ ਸਨ।
ਸੁਖਬੀਰ ਸਿੰਘ ਬਾਦਲ ਦੀ ਥਾਂ ਪਰਮਬੰਸ ਸਿੰਘ ਰੋਮਾਣਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸਵੇਰੇ ਕਰੀਬ 11 ਵਜੇ ਐਸ.ਆਈ.ਟੀ. ਅਧਿਕਾਰੀਆਂ ਨੂੰ ਮਿਲੇ। ਉਨ੍ਹਾਂ ਨੇ ਬਾਦਲ ਵਲੋਂ ਇਕ ਲਿਖਤੀ ਬੇਨਤੀ ਵੀ ਸੌਂਪੀ।
ਬੇਨਤੀ ਵਿਚ ਸੁਖਬੀਰ ਸਿੰਘ ਬਾਦਲ ਨੇ ਐਸ.ਆਈ.ਟੀ. ਸਾਹਮਣੇ ਪੇਸ਼ ਨਾ ਹੋਣ ਦਾ ਕਾਰਨ ਆਪਣੀ ਖ਼ਰਾਬ ਸਿਹਤ ਦੱਸਿਆ। ਉਨ੍ਹਾਂ ਕਿਹਾ ਕਿ ਡਾਕਟਰੀ ਜਾਂਚ ਲਈ ਡਾਕਟਰ ਕੋਲ ਜਾਣਾ ਜ਼ਰੂਰੀ ਹੋਣ ਕਾਰਨ ਉਹ ਨਿਰਧਾਰਤ ਸਮੇਂ ’ਤੇ ਪੇਸ਼ ਨਹੀਂ ਹੋ ਸਕੇ।