ਮੋਕੀ (ਚੀਨ), 8 ਸਤੰਬਰ (ਏਜੰਸੀ)-ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਵਲੋਂ ਇਥੇ ਖੇਡੇ ਜਾ ਰਹੇ ਏ.ਐਚ.ਐਫ. ਜੂਨੀਅਰ ਏਸ਼ੀਆ ਕੱਪ ਵਿਚ ਦੱਖਣੀ ਕੋਰੀਆ ’ਤੇ 7-3 ਨਾਲ ਸ਼ਾਨਦਾਰ ਜਿੱਤ ਦਰਜ਼ ਕੀਤੀ ਗਈ, ਜਦੋਂਕਿ ਮਹਿਲਾ ਟੀਮ ਵਲੋਂ ਵੀ ਜਪਾਨ ’ਤੇ 7-0 ਨਾਲ ਜਿੱਤ ਦਰਜ਼ ਕੀਤੀ ਗਈ।ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਰਹੀ ਅਤੇ ਉਸ ਨੇ ਪੰਜਵੇਂ ਮਿੰਟ ’ਚ ਅਨਮੋਲ ਦੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਬੜਤ ਬਣਾ ਲਈ। ਦੱਖਣੀ ਕੋਰੀਆ ਨੇ ਅਗਲੇ ਹੀ ਮਿੰਟ ’ਚ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।ਦੂਜੇ ਕੁਆਰਟਰ ’ਚ ਇਹੀ ਪੈਟਰਨ ਰਿਹਾ। ਲਵਨੂਰ ਸਿੰਘ ਨੇ 18ਵੇਂ ਮਿੰਟ ’ਚ ਫੀਲਡ ਗੋਲ ਕਰਕੇ ਭਾਰਤ ਨੂੰ ਅੱਗੇ ਕਰ ਦਿੱਤਾ ਪਰ ਦੱਖਣੀ ਕੋਰੀਆ ਨੇ ਅਗਲੇ 60 ਸਕਿੰਟ ’ਚ ਮਿਲੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ।
ਅਜੀਤ ਯਾਦਵ ਨੇ 20ਵੇਂ ਮਿੰਟ ’ਚ ਗੋਲ ਕਰਕੇ ਭਾਰਤ ਨੂੰ ਇਕ ਗੋਲ ਦੀ ਬੜਤ ਬਣਾ ਦਿੱਤੀ ਜੋ ਅੱਧੇ ਸਮੇਂ ਤੱਕ 3-2 ਰਹੀ।ਮੈਚ ਸ਼ੁਰੂ ਹੋਣ ਤੋਂ ਬਾਅਦ ਦੱਖਣੀ ਕੋਰੀਆ ਨੇ ਇਕ ਹੋਰ ਗੋਲ ਕਰਕੇ ਸਕੋਰ ਨੂੰ 3-3 ਕਰ ਦਿੱਤਾ। ਜਦੋਂ ਮੈਚ ਆਖਰੀ ਕੁਆਰਟਰ ’ਚ ਬਰਾਬਰੀ ਵੱਲ ਵੱਧ ਰਿਹਾ ਸੀ ਤਾਂ ਪ੍ਰਭਦੀਪ ਸਿੰਘ ਨੇ ਤੀਜੇ ਕੁਆਰਟਰ ’ਚ 42ਵੇਂ ਮਿੰਟ ’ਚ ਭਾਰਤ ਦੀ ਬੜਤ 4-3 ਕਰ ਦਿੱਤੀ।ਚੌਥੇ ਕੁਆਰਟਰ ਦੇ ਸ਼ੁਰੂਆਤੀ ਦੌਰ ’ਚ ਵੀ ਦੋਵਾਂ ਟੀਮਾਂ ਨੇ ਇਕ-ਦੂਜੇ ’ਤੇ ਹਮਲੇ ਜਾਰੀ ਰੱਖੇ ਪਰ ਭਾਰਤ ਨੇ ਆਖਿਰਕਾਰ ਸਿਰਫ਼ ਤਿੰਨ ਮਿੰਟ ਦੇ ਅੰਦਰ ਤਿੰਨ ਗੋਲ ਕਰਕੇ ਮੈਚ ਦਾ ਰੁਖ ਪਲਟ ਦਿੱਤਾ। ਗੁਰਸੇਵਕ ਨੇ 55ਵੇਂ ਮਿੰਟ ’ਚ ਭਾਰਤ ਲਈ 5ਵਾਂ ਗੋਲ ਕੀਤਾ, ਜਦੋਂਕਿ ਇਸ ਤੋਂ ਇਕ ਮਿੰਟ ਬਾਅਦ ਅਨਮੋਲ ਨੇ ਪੈਨਲਟੀ ’ਤੇ ਗੋਲ ਕਰਕੇ ਸਕੋਰ 6-3 ਕਰ ਦਿੱਤਾ। ਆਰੀਅਨ ਜੈਂਸ ਨੇ 58ਮਿੰਟ ’ਚ ਇਕ ਹੋਰ ਗੋਲ ਕਰਕੇ ਸਕੋਰ 7-3 ਕਰ ਦਿੱਤਾ। ਭਾਰਤੀ ਟੀਮ ਬੁੱਧਵਾਰ ਨੂੰ ਆਪਣਾ ਅਗਲਾ ਮੈਚ ਚੀਨੀ ਤਾਇਪੇ ਨਾਲ ਖੇਡੇਗੀ। ਇਸ ਮੈਚ ’ਚ ਜਿੱਤ ਭਾਰਤੀ ਟੀਮ ਨੂੰ ਸੈਮੀਫਾਈਨਲ ਦਾ ਟਿਕਟ ਦਿਵਾ ਦੇਵੇਗੀ।