ਅਜਨਾਲਾ/ਰਾਜਾਸਾਂਸੀ, 7 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੀ ਰਾਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਡਰੋਨ ਗਤੀਵਿਧੀ ਕਾਰਨ ਪ੍ਰਭਾਵਿਤ ਹੋਈ ਮਲੇਸ਼ੀਆ ਏਅਰਲਾਈਨ ਦੀ ਉਡਾਣ ਹੁਣ ਤੱਕ ਵੀ ਰਾਜਾਸਾਂਸੀ ਹਵਾਈ ਅੱਡੇ 'ਤੇ ਨਹੀਂ ਪਹੁੰਚ ਸਕੀ, ਜਿਸ ਕਾਰਨ ਅੰਮ੍ਰਿਤਸਰ ਤੋਂ ਵੱਖ-ਵੱਖ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ ਨੇੜਲੇ ਇਕ ਹੋਟਲ ਵਿਚ ਠਹਿਰਾਇਆ ਗਿਆ।
ਯਾਤਰੀਆਂ ਨੂੰ ਉਡਾਣ ਦੀ ਅਗਲੀ ਵਿਵਸਥਾ ਹੋਣ ਤੱਕ ਇਸੇ ਹੋਟਲ ਵਿਚ ਹੀ ਰੱਖਿਆ ਜਾਵੇਗਾ। ਇਸੇ ਤਰਾਂ ਉਕਤ ਉਡਾਣ ਰਾਹੀਂ ਬੀਤੀ ਰਾਤ ਵਿਦੇਸ਼ਾਂ ਤੋਂ ਅੰਮ੍ਰਿਤਸਰ ਪਹੁੰਚਣ ਵਾਲੇ ਯਾਤਰੂਆਂ ਨੂੰ ਦਿੱਲੀ ਦੇ ਹਵਾਈ ਅੱਡੇ ਨੇੜੇ ਇਕ ਹੋਟਲ ਵਿਚ ਠਹਿਰਾਇਆ ਗਿਆ ਹੈ। ਪੰਜਾਬ ਪੁਲਿਸ ਦੇ ਸੇਵਾ-ਮੁਕਤ ਇੰਸਪੈਕਟਰ ਅਨੋਖ ਸਿੰਘ ਔਲਖ ਅਤੇ ਸਾਬਕਾ ਸਰਪੰਚ ਮਨਜੀਤ ਸਿੰਘ ਅਟਾਰੀ ਨੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਜੀਜਾ ਸੁਰਜੀਤ ਸਿੰਘ ਭੋਜੀਆ ਅਤੇ ਭੈਣ ਗੁਰਮੀਤ ਕੌਰ ਵੀ ਅਸਟ੍ਰੇਲੀਆ ਤੋਂ ਵਾਪਸ ਆ ਰਹੇ ਸਨ ਅਤੇ ਮਲੇਸ਼ੀਆ ਏਅਰਲਾਈਨ ਦੀ ਇਸੇ ਉਡਾਣ ਵਿਚ ਸਵਾਰ ਸਨ, ਜੋ ਹੋਰਨਾਂ ਯਾਤਰੂਆਂ ਵਾਂਗ ਦਿੱਲੀ ਦੇ ਇਕ ਹੋਟਲ ਵਿਚ ਠਹਿਰੇ ਹੋਏ ਹਨ।