ਲੰਡਨ, 6 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਸ਼ਹਿਰ ਸਲੋਹ ਦੇ ਰਹਿਣ ਵਾਲੇ 50 ਸਾਲਾ ਅਮਜਦ ਅਲੀ ਨੂੰ ਕੈਨਾਬਿਸ ਦੀ ਸਪਲਾਈ, ਪਾਰਸਲ ਚੋਰੀ ਅਤੇ ਅਪਰਾਧਕ ਸੰਪਤੀ ਰੱਖਣ ਸਮੇਤ ਕਈ ਅਪਰਾਧਾਂ ਦੇ ਮਾਮਲੇ ਵਿਚ ਰੈਡਿੰਗ ਕਰਾਊਨ ਕੋਰਟ ਵਲੋਂ 6 ਸਾਲ ਅਤੇ 9 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਅਲੀ ਨੇ ਇਸ ਤੋਂ ਪਹਿਲਾਂ ਕੈਨਾਬਿਸ ਦੀ ਸਪਲਾਈ ਵਿਚ ਸ਼ਾਮਿਲ ਹੋਣ, ਪਾਰਸਲ ਚੋਰੀ ਕਰਨ, ਅਪਰਾਧਕ ਸੰਪਤੀ ਰੱਖਣ ਅਤੇ ਨਿੱਜੀ ਥਾਂ ’ਤੇ ਹਮਲਾਵਰ ਹਥਿਆਰ ਰੱਖਣ ਦੇ ਦੋਸ਼ ਕਬੂਲ ਕਰ ਲਏ ਸਨ। ਅਮਜਦ ਅਲੀ ਸਲੋਹ ਵਿਚ ਹੀਥਰੋ ਦੀ ਸਰਹੱਦ ਨੇੜੇ ਸਥਿਤ ਰੋਇਲ ਮੇਲ ਲੌਜਿਸਟਿਕਸ ਸੈਂਟਰ ਵਿਚ ਕੰਮ ਕਰਦਾ ਸੀ।
ਦੱਸਿਆ ਗਿਆ ਹੈ ਕਿ ਉਹ ਐਕਸ-ਰੇ ਮਸ਼ੀਨ ਵਿਚੋਂ ਲੰਘਣ ਦੀ ਉਡੀਕ ਕਰ ਰਹੇ ਉਨ੍ਹਾਂ ਪਾਰਸਲਾਂ ਦੀ ਪਛਾਣ ਕਰਦਾ ਸੀ, ਜਿਨ੍ਹਾਂ ਵਿਚ ਉਸ ਨੂੰ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਹੁੰਦਾ ਸੀ। ਇਨ੍ਹਾਂ ਪਾਰਸਲਾਂ ਨੂੰ ਆਮ ਪ੍ਰਕਿਰਿਆ ਵਿਚੋਂ ਲੰਘਣ ਦੇਣ ਦੀ ਬਜਾਏ ਉਹ ਕਥਿਤ ਤੌਰ ’ਤੇ ਉਨ੍ਹਾਂ ਨੂੰ ਕੱਢ ਲੈਂਦਾ, ਨਵੇਂ ਲੇਬਲ ਲਗਾਉਂਦਾ ਅਤੇ ਫਿਰ ਵੱਖ-ਵੱਖ ਪਤਿਆਂ ’ਤੇ ਭੇਜ ਦਿੰਦਾ ਸੀ। ਇਨ੍ਹਾਂ ਪਤਿਆਂ ਵਿਚ ਉਸ ਦਾ ਆਪਣਾ ਘਰ ਵੀ ਸ਼ਾਮਿਲ ਸੀ। ਇਹ ਅਪਰਾਧਕ ਸਰਗਰਮੀ 2024 ਤੋਂ 2025 ਦੌਰਾਨ ਚੱਲੀ।ਥੇਮਜ਼ ਵੈਲੀ ਪੁਲਿਸ ਨੇ ਪਿਛਲੇ ਦਸੰਬਰ ਅਲੀ ਦੇ ਘਰ, ਕਾਰ ਅਤੇ ਉਸ ਵਲੋਂ ਵਰਤੀ ਜਾ ਰਹੀ ਸਟੋਰੇਜ ਸਹੂਲਤ ਦੀ ਤਲਾਸ਼ੀ ਲਈ। ਪੁਲਿਸ ਨੂੰ ਸਟੋਰੇਜ ਲਾਕਰ ਵਿਚੋਂ 11,85,420 ਪੌਂਡ ਨਕਦ ਮਿਲੇ, ਜਦਕਿ ਉਸ ਦੇ ਘਰ ਵਿਚੋਂ ਹੋਰ 42,290 ਪੌਂਡ ਬਰਾਮਦ ਹੋਏ।
ਤਸਵੀਰ: ਇਮਜ਼-1657 ਤੇ ਇਮਜ-1656