ਸ੍ਰੀਨਗਰ, 4 ਸਤੰਬਰ (ਪੀ.ਟੀ.ਆਈ.)-ਬਡਗਾਮ ਜ਼ਿਲ੍ਹੇ ਦੇ ਜੰਗਲੀ ਖੇਤਰ ’ਚ ਫੌਜ ਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਕੀਤੇ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁਲਵਾਮਾ ਜ਼ਿਲ੍ਹੇ ਦੇ ਪਖੇਰਪੋਰਾ ਤੋਂ ਬਡਗਾਮ ਦੇ ਯੂਸਮਰਗ ਵੱਲ ਅੱਤਵਾਦੀਆਂ ਦੇ ਇਕ ਸ਼ੱਕੀ ਸਮੂਹ ਦੀ ਗਤੀਵਿਧੀ ਬਾਰੇ ਜਾਣਕਾਰੀ ਦੇ ਆਧਾਰ ’ਤੇ ਇਹ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ। ਸ੍ਰੀਨਗਰ ਸਥਿਤ ਚਿਨਾਰ ਕੋਰ ਨੇ ‘ਐਕਸ’ ’ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫੌਜਾਂ ਨੇ ਸ਼ੱਕੀ ਗਤੀਵਿਧੀਆਂ ਵੇਖੀਆਂ ਤੇ ਚੁਣੌਤੀ ਦਿੱਤੇ ਜਾਣ ’ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ।
ਜਵਾਬੀ ਕਾਰਵਾਈ ਦੌਰਾਨ ਇਕ ਅੱਤਵਾਦੀ ਨੂੰ ਮਾਰ ਦਿੱਤਾ ਗਿਆ ਤੇ ਇਕ ਏ.ਕੇ. ਰਾਈਫਲ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਕ ਤਲਾਸ਼ੀ ਮੁਹਿੰਮ ਜਾਰੀ ਹੈ, ਕਿਉਂਕਿ ਫੌਜ ਅਜੇ ਵੀ ਇਕ ਹੋਰ ਅੱਤਵਾਦੀ ਦੀ ਭਾਲ ਕਰ ਰਹੀ ਹੈ, ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਉਸੇ ਖੇਤਰ ’ਚ ਲੁਕਿਆ ਹੋਇਆ ਹੈ। ਮਾਰੇ ਗਏ ਅੱਤਵਾਦੀ ਦੀ ਪਛਾਣ ਅਜੇ ਤੱਕ ਪਤਾ ਨਹੀਂ ਲੱਗ ਸਕੀ ਹੈ। ਇਹ ਮੁਕਾਬਲਾ ਘਾਟੀ ਵਿਚ ਕਈ ਮਹੀਨਿਆਂ ਦੀ ਸ਼ਾਂਤੀ ਤੋਂ ਬਾਅਦ ਹੋਇਆ।