ਮੱਤੇਵਾਲ (ਅੰਮ੍ਰਿਤਸਰ), 1 ਸਤੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਸਥਾਨਿਕ ਕਸਬਾ ਮੱਤੇਵਾਲ ਦੇ ਵਸਨੀਕ ਇਕੋ ਪਰਿਵਾਰ ਦੇ ਦੋ ਜੀਅ ਪਿਉ ਪੁੱਤਰ ਦੀ ਇਕ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੱਤੇਵਾਲ ਵਾਸੀ ਜਸਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਉਮਰ ਕਰੀਬ 60 ਸਾਲ ਅਤੇ ਉਸ ਦਾ ਲੜਕਾ ਗੁਰਪਾਲ ਸਿੰਘ ਪੁੱਤਰ ਜਸਵਿੰਦਰ ਸਿੰਘ ਉਮਰ 35 ਸਾਲ ਜੋ ਕਿ ਮੱਤੇਵਾਲ ਤੋਂ ਖਾਲਚੀਆਂ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਅਚਾਨਕ ਉਹ ਰਸਤੇ ਵਿਚ ਪਿੰਡ ਡੇਹਰੀਵਾਲ ਨਜ਼ਦੀਕ ਪਹੁੰਚਣ 'ਤੇ ਉਹ ਅਚਾਨਕ ਰਸਤੇ ਵਿਚ ਸੜਕ ਕੰਢੇ ਇਕ ਰੁੱਖ ਨਾਲ ਟਕਰਾ ਗਏ ਅਤੇ ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਮੌਕੇ ਤੇ ਹੀ ਦੋਨਾਂ ਨੇ ਦਮ ਤੋੜ ਦਿੱਤਾ।
ਦੱਸਣਯੋਗ ਹੈ ਕਿ ਇਹ ਦੋਵੇਂ ਪਿਉ ਪੁੱਤ ਕਸਬਾ ਮੱਤੇਵਾਲ ਵਿਚ ਬੈਟਰੀਆਂ ਰਿਪੇਅਰ ਦੀ ਦੁਕਾਨ ਕਰਦੇ ਹਨ। ਇਸ ਹਾਦਸੇ ਪਿੱਛੋਂ ਥਾਣਾ ਤਰਸਿਕਾ ਦੀ ਪੁਲਿਸ ਵਲੋ ਕਾਰਵਾਈ ਕਰਦੇ ਹੋਏ ਦੋਵੇਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਬਾਬਾ ਬਕਾਲਾ ਹਸਪਤਾਲ ਭੇਜ ਦਿੱਤਾ ਹੈ।