ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 13 ਅਕਤੂਬਰ (ਕਪਿਲ ਕੰਧਾਰੀ)- ਦੁਸਹਿਰਾ ਕਮੇਟੀ ਗੁਰੂ ਹਰ ਸਹਾਏ ਵਲੋਂ ਇਸ ਵਾਰ 20 ਅਕਤੂਬਰ ਨੂੰ ਫ਼ਰੀਦਕੋਟ ਰੋਡ ’ਤੇ ਸਥਿਤ ਖਾਲੀ ਜਗ੍ਹਾਂ ਵਿਚ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਜਗ੍ਹਾਂ ’ਤੇ ਦੁਸਹਿਰੇ ਦੇ ਪੁਤਲੇ ਸਾੜਨ ਲਈ ਪ੍ਰਸ਼ਾਸਨ ਵਲੋਂ ਮਨਜ਼ੂਰੀ ਦਿੱਤੇ ਜਾਣ ਨੂੰ ਲੈ ਕੇ ਹੁਣ ਸੁਰੱਖਿਆ ਪ੍ਰਬੰਧਾਂ ਸਬੰਧੀ ਸਵਾਲ ਉੱਠਣ ਲੱਗੇ ਹਨ। ਇਸ ਮਾਮਲੇ ’ਤੇ ਬਾਰ ਐਸੋਸੀਏਸ਼ਨ ਗੁਰੂ ਹਰ ਸਹਾਏ ਦੇ ਸਾਬਕਾ ਸਕੱਤਰ ਗੌਰਵ ਮੌਂਗਾ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਜਗ੍ਹਾਂ ’ਤੇ ਦੁਸਹਿਰਾ ਮਨਾਉਣ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਸੁਰੱਖਿਆ ਦੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਸੀ।
ਗੌਰਵ ਮੌਂਗਾ ਨੇ ਕਿਹਾ ਕਿ ਪ੍ਰਸਤਾਵਿਤ ਦੁਸਹਿਰਾ ਸਥਾਨ ਦੇ ਨੇੜੇ ਦੋ ਪੈਟਰੋਲ ਪੰਪ ਸਥਿਤ ਹਨ। ਉਨ੍ਹਾਂ ਦੇ ਦੱਸਣ ਅਨੁਸਾਰ, ਇਕ ਪੈਟਰੋਲ ਪੰਪ ਦੀ ਦੂਰੀ ਕਰੀਬ 70 ਮੀਟਰ, ਜਦਕਿ ਦੂਜੇ ਦੀ ਦੂਰੀ ਲਗਭਗ 350 ਮੀਟਰ ਹੈ। ਅਜਿਹੀ ਸਥਿਤੀ ਵਿਚ ਦੁਸਹਿਰੇ ਦੌਰਾਨ ਪੁਤਲੇ ਸਾੜਨ ਅਤੇ ਆਤਿਸ਼ਬਾਜ਼ੀ ਕਾਰਨ ਕਿਸੇ ਅਣਸੁਖਾਵੀਂ ਘਟਨਾ ਦਾ ਖ਼ਤਰਾ ਪੈਦਾ ਹੋਣ ਦੀ ਸੰਭਾਵਨਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਸਮੀਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਪੁੱਛਿਆ ਕਿ ਆਖ਼ਰ ਕਿਹੜੇ ਸੁਰੱਖਿਆ ਮਾਪਦੰਡਾਂ ਨੂੰ ਧਿਆਨ ਵਿਚ ਰੱਖ ਕੇ ਇਸ ਜਗ੍ਹਾ ’ਤੇ ਦੁਸਹਿਰਾ ਮਨਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਕੀ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਸੀ ਜਾਂ ਬਿਨ੍ਹਾਂ ਸਥਾਨ ਦੀ ਪੂਰੀ ਜਾਂਚ ਕੀਤੇ ਹੀ ਮਨਜ਼ੂਰੀ ਦੇ ਦਿੱਤੀ ਗਈ?
ਉਨ੍ਹਾਂ ਕਿਹਾ ਕਿ ਅਜਿਹੇ ਵੱਡੇ ਜਨਤਕ ਸਮਾਗਮ ਲਈ ਜਗ੍ਹਾ ਦੀ ਚੋਣ ਕਰਦੇ ਸਮੇਂ ਲੋਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਗੌਰਵ ਮੌਂਗਾ ਨੇ ਇਹ ਵੀ ਕਿਹਾ ਕਿ ਇਸ ਸਥਾਨ ਦੇ ਆਲੇ-ਦੁਆਲੇ ਖ਼ਤਰਨਾਕ ਮੰਨੇ ਜਾਣ ਵਾਲੇ ਖੇਤਰ ਅਤੇ ਪੈਟਰੋਲ ਪੰਪ ਹੋਣ ਦੇ ਨਾਲ-ਨਾਲ ਇੱਥੋਂ ਆਵਾਜਾਈ ਵੀ ਕਾਫ਼ੀ ਰਹਿੰਦੀ ਹੈ। ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਵੱਲ ਜਾਣ ਵਾਲੀਆਂ ਬੱਸਾਂ ਵੀ ਇਸ ਰਸਤੇ ਤੋਂ ਲੰਘਦੀਆਂ ਹਨ। ਇਸ ਸਮੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਨੇੜੇ ਕਈ ਚੌਲ ਮਿੱਲਾਂ (ਸੈਲਰ) ਹੋਣ ਕਾਰਨ ਵਾਹਨਾਂ ਦੀ ਆਵਾਜਾਈ ਹੋਰ ਵੀ ਵਧੀ ਰਹਿੰਦੀ ਹੈ। ਅਜਿਹੇ ਹਾਲਾਤ ਵਿਚ ਦੁਸਹਿਰੇ ਦੇ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ ਨਾਲ ਆਵਾਜਾਈ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਸ ਸਥਾਨ ’ਤੇ ਦੁਸਹਿਰਾ ਮਨਾਉਣ ਦੀ ਮਨਜ਼ੂਰੀ ’ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਸਮਾਗਮ ਲਈ ਕਿਸੇ ਹੋਰ ਸੁਰੱਖਿਅਤ ਜਗ੍ਹਾ ਦੀ ਚੋਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ ਪਹਿਲਾਂ ਹੀ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਗੌਰਵ ਮੌਂਗਾ ਨੇ ‘ਦੀ ਗੁਰੂ ਹਰ ਸਹਾਏ ਪ੍ਰੈਸ ਕਲੱਬ’ ਵਲੋਂ ਇਸ ਮਾਮਲੇ ਸਬੰਧੀ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਣ ਦੇ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋਕ ਹਿੱਤ ਵਿਚ ਪ੍ਰੈਸ ਕਲੱਬ ਵਲੋਂ ਚੁੱਕਿਆ ਗਿਆ ਇਹ ਮੁੱਦਾ ਸ਼ਲਾਘਾਯੋਗ ਹੈ, ਕਿਉਂਕਿ ਅਜਿਹੇ ਮਾਮਲਿਆਂ ਵਿਚ ਸਮੇਂ ਸਿਰ ਆਵਾਜ਼ ਉਠਾਉਣ ਨਾਲ ਪ੍ਰਸ਼ਾਸਨ ਦਾ ਧਿਆਨ ਜਨਤਕ ਸੁਰੱਖਿਆ ਵੱਲ ਦਿਵਾਇਆ ਜਾ ਸਕਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਸ਼ਾਸਨ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਢੁਕਵਾਂ ਫੈਸਲਾ ਲਵੇਗਾ।