ਨਵੀਂ ਦਿੱਲੀ, 10 ਅਕਤੂਬਰ- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੁਲਿਸ ਮੁਲਾਜ਼ਮਾਂ ਦੇ ਕਥਿਤ ਤੌਰ ’ਤੇ ਜੁੱਤੀਆਂ ਪਾ ਕੇ ਦਾਖ਼ਲ ਹੋਣ ਦੀ ਵਾਇਰਲ ਵੀਡੀਓ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਨਵੀਂ ਦਿੱਲੀ) ਸਚਿਨ ਸ਼ਰਮਾ ਨੇ ਦਿੱਲੀ ਪੁਲਿਸ ਦੇ ਅਧਿਕਾਰਤ ਐਕਸ (X) ਹੈਂਡਲ ਰਾਹੀਂ ਸਪੱਸ਼ਟ ਕੀਤਾ ਕਿ ਵੀਡੀਓ ਵਿਚ ਨਜ਼ਰ ਆ ਰਹੇ ਪੁਲਿਸ ਮੁਲਾਜ਼ਮ ਉਸ ਆਮ ਰਸਤੇ ਤੋਂ ਲੰਘ ਰਹੇ ਸਨ, ਜਿੱਥੋਂ ਸੰਗਤ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਜੁੱਤੀਆਂ ਉਤਾਰਨ ਲਈ ਜੋੜਾ ਘਰ ਵੱਲ ਜਾਂਦੀ ਹੈ।
ਸ਼ਰਮਾ ਨੇ ਦੋਸ਼ ਲਾਇਆ ਕਿ ਵੀਡੀਓ ਨੂੰ ਇਕ ਸਤਿਕਾਰਯੋਗ ਧਾਰਮਿਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਧਾਰਮਿਕ ਸਦਭਾਵਨਾ ਨੂੰ ਵਿਗਾੜਨ ਦੇ ਮੰਦਭਾਵਨਾਪੂਰਨ ਇਰਾਦੇ ਨਾਲ ਜਾਣਬੁੱਝ ਕੇ ਪ੍ਰਸਾਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਇਹ ਵਿਵਾਦ ਉਸ ਸਮੇਂ ਸਾਹਮਣੇ ਆਇਆ ਜਦੋਂ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕੁਝ ਲੋਕ ਪੁਲਿਸ ਕਾਰਵਾਈ ਤੋਂ ਬਚਣ ਲਈ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਚਲੇ ਗਏ ਸਨ। ਇਸ ਘਟਨਾ ਤੋਂ ਬਾਅਦ ਗੁਰਦੁਆਰਾ ਕੰਪਲੈਕਸ ਵਿਚ ਪੁਲਿਸ ਦੀ ਮੌਜੂਦਗੀ ਅਤੇ ਕਾਰਵਾਈ ਨੂੰ ਲੈ ਕੇ ਚਰਚਾ ਛਿੜ ਗਈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੋਸ਼ ਲਾਇਆ ਕਿ ਕੁਝ ਪ੍ਰਦਰਸ਼ਨਕਾਰੀ ਤਖ਼ਤੀਆਂ ਲੈ ਕੇ ਗੁਰਦੁਆਰਾ ਕੰਪਲੈਕਸ ਵਿਚ ਦਾਖ਼ਲ ਹੋਏ ਅਤੇ ਉੱਥੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੁਤਾਬਕ, ਗੁਰਦੁਆਰਾ ਸਾਹਿਬ ਦੇ ਸਟਾਫ਼ ਨੇ ਪ੍ਰਦਰਸ਼ਨਕਾਰੀਆਂ ਨੂੰ ਦੀਵਾਨ ਹਾਲ ਵਿੱਚ ਜਾਣ ਤੋਂ ਰੋਕਿਆ।
ਗੁਰਦੁਆਰਾ ਕੰਪਲੈਕਸ ਵਿਚੋਂ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਕੱਢਣ ਲਈ ਦਾਖ਼ਲ ਹੋਏ ਪੁਲਿਸ ਮੁਲਾਜ਼ਮਾਂ ਦੀ ਆਲੋਚਨਾ ਬਾਰੇ ਕਾਲਕਾ ਨੇ ਕਿਹਾ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਣ ਤੋਂ ਬਾਅਦ ਹੀ ਦਖ਼ਲ ਦਿੱਤਾ ਸੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਹਰ ਵਰਗ ਦੇ ਲੋਕਾਂ ਦਾ ਸਵਾਗਤ ਕਰਦਾ ਹੈ ਅਤੇ ਸੰਗਤ ਨੂੰ ਲੰਗਰ ਤੇ ਆਸਰਾ ਮੁਹੱਈਆ ਕਰਵਾਉਂਦਾ ਹੈ। ਹਾਲਾਂਕਿ, ਉਨ੍ਹਾਂ ਜ਼ੋਰ ਦਿੱਤਾ ਕਿ ਧਾਰਮਿਕ ਅਸਥਾਨ ਦੇ ਕੰਪਲੈਕਸ ਨੂੰ ਸਿਆਸੀ ਪ੍ਰਦਰਸ਼ਨਾਂ ਲਈ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।