08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਏਸ਼ਿਆਈ ਚੈਂਪੀਅਨਜ਼ ਟਰਾਫ਼ੀ ’ਚੋਂ ਪਾਕਿਸਤਾਨ ਬਾਹਰ, ਬੰਗਲਾਦੇਸ਼ ਸ਼ਾਮਿਲ

1 ਨਵੰਬਰ ਨੂੰ ਜਲੰਧਰ ’ਚ ਹੋਣਾ ਸੀ ਭਾਰਤ ਤੇ ਪਾਕਿਸਤਾਨ ਵਿਚਾਲੇ ਲੀਗ ਮੈਚ ਨਵੀਂ ਦਿੱਲੀ, 8 ਅਕਤੂਬਰ (ਯੂ. ਐਨ. ਆਈ.)-ਜਲੰਧਰ ਤੇ ਮੁਹਾਲੀ ’ਚ 27 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਵਾਲੀ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਪੁਰਸ਼ ਹਾਕੀ ’ਚ ਮੇਜ਼ਬਾਨ ਭਾਰਤ ਦੀਆਂ ਨਜ਼ਰਾਂ ਏਸ਼ਿਆਈ ਪੱਧਰ ’ਤੇ ਦਬਦਬਾ ...

ਅਜੀਤ ਡੈਸਕ 09-10-2026

ਨਵੀਂ ਦਿੱਲੀ, 8 ਅਕਤੂਬਰ (ਯੂ. ਐਨ. ਆਈ.)-ਜਲੰਧਰ ਤੇ ਮੁਹਾਲੀ ’ਚ 27 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਵਾਲੀ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਪੁਰਸ਼ ਹਾਕੀ ’ਚ ਮੇਜ਼ਬਾਨ ਭਾਰਤ ਦੀਆਂ ਨਜ਼ਰਾਂ ਏਸ਼ਿਆਈ ਪੱਧਰ ’ਤੇ ਦਬਦਬਾ ਬਰਕਰਾਰ ਰੱਖਣ ’ਤੇ ਹਨ, ਜਦੋਂਕਿ ਪਾਕਿਸਤਾਨ ਦੀ ਜਗ੍ਹਾ ਬੰਗਲਾਦੇਸ਼ ਨੂੰ 6 ਟੀਮਾਂ ਦੇ ਟੂਰਨਾਮੈਂਟ ’ਚ ਸ਼ਾਮਿਲ ਕੀਤਾ ਗਿਆ ਹੈ।ਹਾਕੀ ਇੰਡੀਆਂ ਵਲੋਂ ਜਾਰੀ ਬਿਆਨ ਅਨੁਸਾਰ ਭਾਰਤ ਤੋਂ ਇਲਾਵਾ ਜਪਾਨ, ਚੀਨ, ਮਲੇਸ਼ੀਆ, ਦੱਖਣੀ ਕੋਰੀਆ ਅਤੇ ਬੰਗਲਾਦੇਸ਼ ਦੀਆਂ ਟੀਮਾਂ ਟੂਰਨਾਮੈਂਟ ’ਚ ਹਿੱਸਾ ਲੈਣਗੀਆਂ। ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਸੰਬੰਧਾਂ ’ਚ ਚਲ ਰਹੀ ਤਲਖੀ ਦੇ ਚਲਦਿਆਂ ਪਾਕਿਸਤਾਨ ਨੇ ਭਾਰਤ ’ਚ ਖੇਡਣ ਤੋਂ ਨਾਂਹ ਕਰ ਦਿੱਤੀ ਸੀ, ਜਦੋਂਕਿ ਪਹਿਲਾਂ ਤੈਅ ਪ੍ਰੋਗਰਾਮ ਅਨੁਸਾਰ 1 ਨਵੰਬਰ ਨੂੰ ਪੰਜਾਬ ਦਿਵਸ ਮੌਕੇ ਜਲੰਧਰ ’ਚ ਭਾਰਤ ਤੇ ਪਾਕਿਸਤਾਨ ਵਿਚਾਲੇ ਲੀਗ ਪੱਧਰ ਦਾ ਮੈਚ ਖੇਡਿਆ ਜਾਣਾ ਸੀ। ਲੀਗ ਪੜਾਅ ਦੇ ਸਾਰੇ ਮੈਚ ਜਲੰਧਰ ਦੇ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਚ ਖੇਡੇ ਜਾਣਗੇ, ਜਦਕਿ ਟੂਰਨਾਮੈਂਟ ਦੇ ਫੈਸਲਾਕੁੰਨ ਮੁਕਾਬਲੇ ਮੁਹਾਲੀ ਵਿਚ ਹੋਣਗੇ। ਸੈਮੀਫਾਈਨਲ ਅਤੇ ਫਾਈਨਲ ਮੈਚ 4 ਅਤੇ 5 ਨਵੰਬਰ ਨੂੰ ਮੁਹਾਲੀ ਦੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਚ ਖੇਡੇ ਜਾਣਗੇ। ਸਾਲ 2011 ਵਿਚ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਭਾਰਤੀ ਟੀਮ ਨੇ ਚਾਰ ਵਾਰ ਇਹ ਖ਼ਿਤਾਬ ਜਿੱਤਿਆ ਹੈ ਅਤੇ ਉਹ ਇਸ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਰਹੀ ਹੈ, ਜਦੋਂਕਿ 2018 ਵਿਚ ਮਸਕਟ (ਓਮਾਨ) ਵਿਖੇ ਖੇਡਿਆ ਗਿਆ ਫਾਈਨਲ ਮੀਂਹ ਕਾਰਨ ਰੱਦ ਹੋਣ ‘ਤੇ ਭਾਰਤ ਤੇ ਪਾਕਿਸਤਾਨ ਨੂੰ ਸਾਂਝੇ ਤੌਰ ’ਤੇ ਜੇਤੂ ਐਲਾਨਿਆ ਗਿਆ ਸੀ।ਭਾਰਤ ਨੇ ਜਪਾਨ ਦੇ ਆਈਚੀ-ਨਾਗੋਆ ’ਚ ਹਾਲ ਹੀ ’ਚ ਏਸ਼ਿਆਈ ਖੇਡਾਂ ’ਚ ਸੋੋਨ ਤਗਮਾ ਜਿੱਤ ਕੇ ਲਾਸ ਏਂਜਲਸ ਉਲੰਪਿਕ 2028 ਲਈ ਕੁਆਲੀਫਾਈ ਕੀਤਾ ਹੈ।

ਪਿਛਲੀ ਖ਼ਬਰ ਟੈਕਸਾਸ ਵਿਚ ਟਰੰਪ ਦੀ ਚੋਣ ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਹੰਗਾਮਾ ਅਗਲੀ ਖ਼ਬਰ ਦਾਲਾਂ, ਖੰਡ ਦੀਆਂ ਕੀਮਤਾਂ ’ਚ ਤੇਜ਼ੀ ਜਾਰੀ, ਤਿਉਹਾਰੀ ਸੀਜ਼ਨ ’ਚ ਵਿਗੜਿਆ ਲੋਕਾਂ ਦਾ ਬਜਟ