ਸਟਾਕਹੋਮ, 6 ਅਕਤੂਬਰ (ਏ.ਪੀ.)-ਫ਼ਰਾਂਸਿਸ ਹੈਲਜ਼ਨ ਨੇ ਆਈਸਕਿਊਬ ਨਿਊਟ੍ਰੀਨੋ ਆਬਜ਼ਰਵੇਟਰੀ ’ਚ ਆਪਣੇ ਯੋਗਦਾਨ ਤੇ ਖਗੋਲ-ਭੌਤਿਕੀ ਉਤਪੱਤੀ ਵਾਲੇ ਉੱਚ-ਊਰਜਾ ਨਿਊਟ੍ਰੀਨੋਜ਼ ਦੀ ਖੋਜ ਲਈ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਜਿੱਤਿਆ ਹੈ। ਭੌਤਿਕ ਵਿਗਿਆਨ ਲਈ ਨੋਬਲ ਕਮੇਟੀ ਦੇ ਚੇਅਰਮੈਨ ਮਾਰਕ ਪੀਅਰਸ ਨੇ ਇਕ ਪ੍ਰੈਸ ਬਿਆਨ ’ਚ ਕਿਹਾ ਕਿ ਫ਼ਰਾਂਸਿਸ ਹੈਲਜ਼ਨ ਨੇ ਖੋਜਕਰਤਾਵਾਂ ਤੇ ਇੰਜੀਨੀਅਰਾਂ ਦੀ ਇਕ ਅੰਤਰਰਾਸ਼ਟਰੀ ਟੀਮ ਦੀ ਅਗਵਾਈ ਕੀਤੀ ਹੈ, ਜਿਨ੍ਹਾਂ ਸਾਨੂੰ ਇਕ ਸ਼ਾਨਦਾਰ ਯੰਤਰ ਦਿੱਤਾ ਹੈ।
ਉਨ੍ਹਾਂ ਦੀ ਦ੍ਰਿੜਤਾ ਤੇ ਵਿਗਿਆਨਕ ਦ੍ਰਿਸ਼ਟੀ ਨੇ ਇਕ ਨਵੇਂ ਕਿਸਮ ਦੇ ਖਗੋਲ ਵਿਗਿਆਨ ਦਾ ਰਾਹ ਪੱਧਰਾ ਕੀਤਾ ਹੈ। ਇਸ ਬਾਰੇ ਹੈਲਜ਼ਨ ਨੇ ਕਿਹਾ ਕਿ ਇਹ ਇਕ ਬਹੁਤ ਵੱਡਾ ਹੈਰਾਨੀਜਨਕ ਮੋੜ ਸੀ ਤੇ ਮੈਨੂੰ ਬਿਲਕੁਲ ਵੀ ਇਸ ਦੀ ਉਮੀਦ ਨਹੀਂ ਸੀ। ਹੈਲਜ਼ਨ ਨੇ ਕਿਹਾ ਕਿ ਪਹਿਲਾਂ ਵੀ ਭਵਿੱਖਬਾਣੀ ਕੀਤੀ ਗਈ ਸੀ ਕਿ ਉਹ ਨੋਬਲ ਪੁਰਸਕਾਰ ਜਿੱਤਣਗੇ, ਪਰ ਫਿਰ ਵੀ ਇਸ ਐਲਾਨ ਨੇ ਉਨ੍ਹਾਂ ਨੂੰ ਅਜੀਬ ਮਹਿਸੂਸ ਕਰਵਾਇਆ। ਬੈਲਜੀਅਮ ’ਚ ਜਨਮੇ 82 ਸਾਲਾ ਵਿਗਿਆਨਕ ਅਮਰੀਕਾ ਦੀ ਯੂਨੀਵਰਸਿਟੀ ਆਫ਼ ਵਿਸਕੌਨਸਿਨ-ਮੈਡੀਸਨ ਨਾਲ ਜੁੜੇ ਹੋਏ ਹਨ।
ਨਿਊਟ੍ਰੀਨੋਜ਼ ਬਹੁਤ ਹੀ ਛੋਟੇ ਬ੍ਰਹਿਮੰਡੀ ਕਣ ਹੁੰਦੇ ਹਨ, ਜਿਨ੍ਹਾਂ ਦਾ ਦ੍ਰਵਮਾਨ ਬਹੁਤ ਹੀ ਘੱਟ ਹੁੰਦਾ ਹੈ। ਫਿਰ ਵੀ ਇਹ ਹਰ ਜਗ੍ਹਾ ਹਨ: ਇਹ ਸੂਰਜ ਵਰਗੇ ਤਾਰਿਆਂ ਤੋਂ ਨਿਕਲਦੇ ਹਨ ਤੇ ਹਰ ਸੈਕਿੰਡ ਸਾਡੇ ਸਰੀਰਾਂ ’ਚੋਂ ਲੱਖਾਂ-ਕਰੋੜਾਂ ਦੀ ਗਿਣਤੀ ’ਚ ਲੰਘਦੇ ਹਨ। ਵਿਗਿਆਨੀ ਆਪਣੇ ਆਪ ਘੁੰਮਦੇ ਇਨ੍ਹਾਂ ਰਹੱਸਮਈ ਕਣਾਂ ਨੂੰ ਸਿੱਧੇ ਤੌਰ ’ਤੇ ਨਹੀਂ ਦੇਖ ਸਕਦੇ। ਇਸ ਦੀ ਬਜਾਏ ਉਹ ਇਹ ਮਾਪਦੇ ਹਨ ਕਿ ਜਦੋਂ ਇਹ ਛੋਟੇ ਕਣ ਪਦਾਰਥ ਦੇ ਹੋਰ ਟੁਕੜਿਆਂ ਨਾਲ ਟਕਰਾਉਂਦੇ ਹਨ ਤਾਂ ਚਾਨਣ ਦੇ ਚਮਕਾਰੇ ਜਾਂ ਚਾਰਜਡ ਕਣ ਪੈਦਾ ਹੁੰਦੇ ਹਨ।