ਅਮਰਗੜ੍ਹ (ਬਠਿੰਡਾ), 6 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)- ਕੁਰੂਕਸ਼ੇਤਰ ਤੋਂ ਮਲੇਰਕੋਟਲਾ ਨੂੰ ਆ ਰਹੀ 400 ਕੇ.ਵੀ. ਬਿਜਲੀ ਸਪਲਾਈ ਲਾਈਨ ਦੀ ਇਕ ਤਾਰ ਅਚਾਨਕ ਟੁੱਟ ਕੇ ਮਲੇਰਕੋਟਲਾ-ਪਟਿਆਲਾ ਮੁੱਖ ਮਾਰਗ ਤੇ ਦਾਣਾ ਮੰਡੀ ਤੋਲੇਵਾਲ ਨੇੜੇ ਆ ਡਿੱਗੀ। ਇਸ ਘਟਨਾ ਦੌਰਾਨ ਭਾਵੇਂ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਪਰ ਸੜਕ ਦੇ ਵਿਚਕਾਰ ਤਾਰ ਡਿੱਗਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਕਰੀਬ ਚਾਰ ਘੰਟਿਆਂ ਤੋਂ ਵੱਧ ਸਮਾਂ ਭਾਰੀ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਘਟਨਾ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਭਾਰੀ ਵਾਹਨ ਸੜਕ ਤੇ ਫਸੇ ਰਹੇ, ਉੱਥੇ ਕੁਝ ਛੋਟੇ ਵਾਹਨਾਂ ਦੇ ਚਾਲਕ ਆਪਣੀ ਜਾਨ ਜੋਖ਼ਮ 'ਚ ਪਾ ਕੇ ਡਿੱਗੀ ਹੋਈ ਤਾਰ ਹੇਠੋਂ ਲੰਘਦੇ ਰਹੇ। ਬਿਜਲੀ ਦੀ ਉੱਚ ਵੋਲਟੇਜ ਵਾਲੀ ਲਾਈਨ ਨਾਲ ਜੁੜੀ ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ਸਬੰਧੀ ਵੀ ਗੰਭੀਰ ਸਵਾਲ ਖੜ੍ਹੇ ਕੀਤੇ। ਮੌਕੇ ਤੇ ਮੌਜੂਦ ਪ੍ਰਤੱਖਦਰਸ਼ੀਆਂ ਪ੍ਰਧਾਨ ਬਲਦੇਵ ਸਿੰਘ ਸੰਘਾ, ਅਰਸ਼ਦੀਪ ਸਿੰਘ ਅਤੇ ਹੋਰ ਵਿਅਕਤੀਆ ਨੇ ਦੱਸਿਆ ਕਿ ਅਚਾਨਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਨੇ ਮੌਕੇ ਤੇ ਜਾ ਕੇ ਵੇਖਿਆ ਤਾਂ ਬਿਜਲੀ ਦੀ 400 ਕੇ.ਵੀ. ਲਾਈਨ ਦੀ ਇਕ ਤਾਰ ਟੁੱਟ ਕੇ ਸੜਕ ਤੇ ਡਿੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਕੁਝ ਕਾਰ ਚਾਲਕ ਖ਼ਤਰੇ ਦੀ ਪਰਵਾਹ ਕੀਤੇ ਬਿਨ੍ਹਾਂ ਤਾਰ ਹੇਠੋਂ ਲੰਘਦੇ ਰਹੇ, ਜਦਕਿ ਭਾਰੀ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ।
ਉਨ੍ਹਾਂ ਦੱਸਿਆ ਕਿ ਤਾਰ ਟੁੱਟਣ ਕਾਰਨ ਤੋਲੇਵਾਲ ਪਿੰਡ ਵਿਚ ਕਈ ਬਿਜਲੀ ਦੇ ਟਰਾਂਸਫਾਰਮਰ, ਮੀਟਰ ਅਤੇ ਹੋਰ ਬਿਜਲੀ ਨਾਲ ਚੱਲਣ ਵਾਲੇ ਉਪਕਰਨ ਨੁਕਸਾਨੇ ਗਏ। ਇਸ ਕਾਰਨ ਪਿੰਡ ਵਾਸੀਆਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪਿਆ। ਉੱਧਰ ਦਿੱਲੀ ਤੋਂ ਆ ਰਹੀ ਬੱਸ ਦੇ ਚਾਲਕ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਤਾਰ ਡਿੱਗਣ ਕਾਰਨ ਉਨ੍ਹਾਂ ਨੂੰ ਤਿੰਨ ਘੰਟਿਆਂ ਤੋਂ ਵੱਧ ਸਮਾਂ ਸੜਕ ਤੇ ਰੁਕਣਾ ਪਿਆ। ਉਨ੍ਹਾਂ ਕਿਹਾ ਕਿ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਬਿਜਲੀ ਵਿਭਾਗ ਦਾ ਕੋਈ ਉੱਚ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਸੀ। ਇਸ ਕਾਰਨ ਉਨ੍ਹਾਂ ਦੀ ਬੱਸ ਦਾ ਅਗਲਾ ਗੇੜਾ ਖੁੰਝਣ ਦਾ ਖ਼ਦਸ਼ਾ ਬਣ ਗਿਆ ਅਤੇ ਪੰਜਾਬ ਰਾਜ ਬੱਸ ਸੇਵਾ ਨਿਗਮ ਵਲੋਂ ਜੁਰਮਾਨਾ ਲੱਗਣ ਦੀ ਚਿੰਤਾ ਵੀ ਸਤਾ ਰਹੀ ਸੀ। ਘਟਨਾ ਦੀ ਸੂਚਨਾ ਮਿਲਣ ਤੇ ਡੀ.ਐਸ.ਪੀ ਸੰਜੀਵ ਕਪੂਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ।
ਉਨ੍ਹਾਂ ਨੇ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਵਾਹਨਾਂ ਨੂੰ ਸੰਭਾਲਣ ਲਈ ਕਾਫ਼ੀ ਮੁਸ਼ੱਕਤ ਕੀਤੀ। ਦੂਜੇ ਪਾਸੇ, ਬਿਜਲੀ ਵਿਭਾਗ ਦੇ ਉਪ ਮੰਡਲ ਅਧਿਕਾਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਸਬੰਧਤ ਬਿਜਲੀ ਲਾਈਨ ਇੱਕ ਨਿੱਜੀ ਕੰਪਨੀ ਦੇ ਅਧੀਨ ਹੈ ਅਤੇ ਕੰਪਨੀ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੁੱਟੀ ਹੋਈ ਤਾਰ ਦੇ 11 ਕੇ.ਵੀ. ਲਾਈਨ ਤੇ ਡਿੱਗਣ ਕਾਰਨ ਕਈ ਟਰਾਂਸਫਾਰਮਰ ਸੜ ਗਏ ਅਤੇ ਤੋਲੇਵਾਲ ਦੇ ਵਸਨੀਕਾਂ ਦੇ ਮੀਟਰਾਂ ਸਮੇਤ ਹੋਰ ਬਿਜਲੀ ਉਪਕਰਨਾਂ ਦਾ ਨੁਕਸਾਨ ਹੋਇਆ। ਬਿਜਲੀ ਸਪਲਾਈ ਮੁੜ ਚਾਲੂ ਹੋਣ ਤੋਂ ਬਾਅਦ ਹੀ ਨੁਕਸਾਨ ਦੀ ਪੂਰੀ ਤਸਵੀਰ ਸਾਹਮਣੇ ਆ ਸਕੇਗੀ। ਆਖ਼ਰਕਾਰ, ਕਰੀਬ ਚਾਰ ਘੰਟਿਆਂ ਤੋਂ ਵੱਧ ਸਮੇਂ ਬਾਅਦ ਸਬੰਧਤ ਕੰਪਨੀ ਦੇ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਤਾਰ ਨੂੰ ਕੱਟਿਆ ਅਤੇ ਸੜਕ ਤੋਂ ਹਟਾਇਆ। ਇਸ ਤੋਂ ਬਾਅਦ ਆਵਾਜਾਈ ਬਹਾਲ ਹੋ ਸਕੀ।