ਤਰਨਤਾਰਨ, 23 ਸਤੰਬਰ (ਹਰਿੰਦਰ ਸਿੰਘ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਸਿਆਸਤ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਘਟਨਾਕ੍ਰਮ ਦਰਮਿਆਨ ਹੁਣ ਮਾਝੇ ਦੇ ਜਰਨੈਲ ਕਹੇ ਜਾਂਦੇ ਅਤੇ ਸਾਬਕਾ ਮੰਤਰੀ ਸਵ. ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਪਰਿਵਾਰ ਵਲੋਂ ਦਿੱਤੇ ਗਏ ਇਕ ਸਾਂਝੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਜਥੇਦਾਰ ਬ੍ਰਹਮਪੁਰਾ ਦੀਆਂ ਧੀਆਂ ਕੁਲਦੀਪ ਕੌਰ, ਪਰਮਦੀਪ ਕੌਰ ਅਤੇ ਕਵਲਜੀਤ ਕੌਰ ਨੇ ਗੱਲਬਾਤ ਕਰਦਿਆਂ ਆਪਣੇ ਪਰਿਵਾਰ ਦੀ ਅਕਾਲੀ ਸੋਚ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਸੰਬੰਧਾਂ ਬਾਰੇ ਸਪੱਸ਼ਟ ਗੱਲ ਰੱਖੀ।
ਉਨ੍ਹਾਂ ਕਿਹਾ ਕਿ ਸਾਡੇ ਪਿਤਾ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਦੀ ਸਾਰੀ ਜ਼ਿੰਦਗੀ ਅਕਾਲੀ ਸੋਚ ਅਤੇ ਪੰਥਕ ਸਿਧਾਂਤਾਂ ਨੂੰ ਸਮਰਪਿਤ ਰਹੀ ਹੈ ਅਤੇ ਜਥੇਦਾਰ ਬ੍ਰਹਮਪੁਰਾ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਦੌਰਾਨ ਵੀ ਉਨ੍ਹਾਂ ਦੇ ਮਨਾਂ ਵਿਚ ਅਕਾਲੀ ਵਿਚਾਰਧਾਰਾ ਅਤੇ ਪਾਰਟੀ ਪ੍ਰਤੀ ਸਮਰਪਣ ਦੀ ਭਾਵਨਾ ਪੈਦਾ ਕੀਤੀ ਸੀ। ਜਥੇ. ਬ੍ਰਹਮਪੁਰਾ ਦੀਆਂ ਧੀਆਂ ਨੇ ਕਿਹਾ ਕਿ ਜਿਸ ਅਕਾਲੀ ਦਲ ਲਈ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ, ਉਸ ਪਾਰਟੀ ਅਤੇ ਉਸ ਦੀ ਵਿਚਾਰਧਾਰਾ ਤੋਂ ਉਨ੍ਹਾਂ ਦਾ ਪਰਿਵਾਰ ਕਦੇ ਵੱਖ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਪਰਿਵਾਰ ਦੀ ਅਗਲੀ ਪੀੜ੍ਹੀ ਵੀ ਜਥੇਦਾਰ ਬ੍ਰਹਮਪੁਰਾ ਦੀ ਅਕਾਲੀ ਸੋਚ ਨੂੰ ਅੱਗੇ ਲੈ ਕੇ ਚੱਲੇਗੀ ਅਤੇ ਆਪਣੇ ਇਕਲੌਤੇ ਭਰਾ ਹਰਦੀਪ ਸਿੰਘ ਬ੍ਰਹਮਪੁਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਸਿਰਫ਼ ਇਕ ਪੁੱਤਰ ਸੀ, ਜਿਸਦੇ ਨਾਲ ਅਸੀਂ ਸਮੂਹ ਪਰਿਵਾਰ ਦੇ ਸਾਰੇ ਮੈਂਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਨਾਲ ਹਨ।
ਪਰਿਵਾਰ ਨੇ ਇਹ ਵੀ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ (ਬ) ਜਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲਏ ਜਾਂ ਜਾਰੀ ਕੀਤੇ ਕਿਸੇ ਵੀ ਪਾਰਟੀ ਫੈਸਲੇ ਦੇ ਖਿਲਾਫ਼ ਨਹੀਂ ਹਨ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਦਿਲੋਂ ਸਤਿਕਾਰ ਕਰਦੇ ਸਨ ਅਤੇ ਪਰਿਵਾਰ ਅੱਜ ਵੀ ਉਸੇ ਭਾਵਨਾ ਨਾਲ ਪਾਰਟੀ ਦੇ ਨਾਲ ਖੜ੍ਹਾ ਹੈ।
ਬ੍ਰਹਮਪੁਰਾ ਖਾਨਦਾਨ ਲਈ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਵਿਰਾਸਤ ਸਿਰਫ਼ ਇਕ ਨਾਮ ਨਹੀਂ, ਸਗੋਂ ਇਕ ਵਿਚਾਰਧਾਰਾ ਹੈ, ਜਿਸ ਨੂੰ ਪਰਿਵਾਰ ਆਉਣ ਵਾਲੇ ਸਮੇਂ ਵਿਚ ਵੀ ਜਿਊਂਦਾ ਰੱਖੇਗਾ। ਪਰਿਵਾਰ ਦੀਆਂ ਧੀਆਂ ਨੇ ਹਲਕਾ ਸ੍ਰੀ ਖਡੂਰ ਸਾਹਿਬ ਦੀ ਸਮੁੱਚੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਬ੍ਰਹਮਪੁਰਾ ਪਰਿਵਾਰ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ’ਤੇ ਵਿਸ਼ਵਾਸ ਨਾ ਕੀਤਾ ਜਾਵੇ। ਪਰਿਵਾਰ ਦੀ ਅਕਾਲੀ ਸੋਚ ਅਤੇ ਪਾਰਟੀ ਪ੍ਰਤੀ ਆਪਣਾ ਸਟੈਂਡ ਬਿਲਕੁਲ ਸਪੱਸ਼ਟ ਹੈ।