ਫਗਵਾੜਾ (ਕਪੂਰਥਲਾ), 19 ਸਤੰਬਰ (ਹਰਜੋਤ ਸਿੰਘ ਚਾਨਾ) - ਇਥੋਂ ਦੇ ਬਸੰਤ ਨਗਰ ਸਥਿਤ ਝਾਪਰ ਕਲੋਨੀ ’ਚ ਬੀਤੀ ਰਾਤ ਤਿੰਨ ਨੌਜਵਾਨਾਂ ਵਲੋਂ ਇਕ ਘਰ ਦੀ ਛੱਤ ’ਤੇ ਪੈਟਰੋਲ ਨਾਲ ਭਰੀਆਂ ਬੋਤਲਾਂ ਨੂੰ ਅੱਗ ਲੱਗਾ ਕੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਦੀ ਇਹ ਹਰਕਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ ਜਿਸ ’ਚ ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ।
ਪਰਿਵਾਰਿਕ ਮੈਂਬਰਾਂ ਅਨੁਸਾਰ ਰਵੀ, ਵਿਮਲਾ ਦੇਵੀ ਨੇ ਦੱਸਿਆ ਕਿ ਉਹ ਰਾਤ ਸਮੇਂ ਸੁੱਤੇ ਪਏ ਸਨ ਤਾਂ ਕੁੱਝ ਨੌਜਵਾਨਾਂ ਨੇ ਉਨ੍ਹਾਂ ਦੇ ਕੋਠੇ ’ਤੇ ਪੈਟਰੋਲ ਨਾਲ ਭਰੀਆ ਬੋਤਲਾਂ ਨੂੰ ਸੁੱਟਿਆ ਜਿਸ ਨਾਲ ਕੋਠੇ ’ਤੇ ਤਾਰਾ ਨੂੰ ਅੱਗ ਲੱਗ ਗਈ ਤੇ ਗੁਆਂਢੀਆਂ ਨੇ ਉਨ੍ਹਾਂ ਨੂੰ ਇਸ ਦੀ ਸੂਚਨਾ ਦਿੱਤੀ ਤੇ ਜਦੋਂ ਉਨ੍ਹਾਂ ਉੱਠ ਕੇ ਦੇਖਿਆ ਤਾਂ ਉਹ ਫ਼ਰਾਰ ਹੋ ਗਏ ਸਨ। ਪਰਿਵਾਰਿਕ ਮੈਂਬਰਾਂ ਨੇ ਸਮੇਂ ਸਿਰ ਅੱਗ ਦਾ ਪਤਾ ਲੱਗਣ ’ਤੇ ਇਸ ’ਤੇ ਕਾਬੂ ਪਾ ਲਿਆ।
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਉਨ੍ਹਾਂ ਨੂੰ ਇਸ ਹਮਲੇ ਦੇ ਕਾਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਅੱਗ ਦਾ ਪਤਾ ਨਾ ਲੱਗਦਾ ਤਾਂ ਇਹ ਅੱਗ ਘਰ ਦੇ ਹੋਰ ਹਿੱਸਿਆਂ ਤੱਕ ਫ਼ੈਲ ਸਕਦੀ ਸੀ।
ਮੁਹੱਲਾ ਵਾਸੀਆਂ ਨੇ ਦੋਸ਼ ਲਗਾਇਆ ਕਿ ਘਟਨਾ ਸੰਬੰਧੀ ਪੁਲੀਸ ਨੂੰ ਸੂਚਿਤ ਕਰਨ ਦੇ ਬਾਵਜੂਦ ਕਾਫ਼ੀ ਸਮੇਂ ਤੱਕ ਮੌਕੇ ’ਤੇ ਕੋਈ ਪੁਲੀਸ ਅਧਿਕਾਰੀ ਜਾਂਚ ਲਈ ਨਹੀਂ ਪੁੱਜਿਆ। ਪਰਿਵਾਰ ਮੁਤਾਬਿਕ ਉਹ ਸਵੇਰੇ ਥਾਣੇ ਵੀ ਗਏ ਸਨ, ਜਿੱਥੇ ਉਨ੍ਹਾਂ ਨੂੰ ਦੁਪਹਿਰ 12 ਵਜੇ ਮੁੜ ਆਉਣ ਲਈ ਕਿਹਾ ਗਿਆ।
ਮੁਹੱਲਾ ਵਾਸੀਆਂ ਨੇ ਇਲਾਕੇ ’ਚ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਤੇ ਲਾਇਟਾ ਦੇ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਰੋਸ ਪ੍ਰਗਟਾਉਂਦਿਆ ਕਿਹਾ ਕਿ ਗਲੀ ’ਚ ਲਾਈਟਾ ਕਾਫ਼ੀ ਸਮੇਂ ਤੋਂ ਬੰਦ ਪਈਆਂ ਹਨ ਤੇ ਸ਼ਿਕਾਇਤਾ ਕਰਕੇ ਥੱਕ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੈ। ਉਨ੍ਹਾਂ ਪੁਲੀਸ ਤੋਂ ਫ਼ੁਟੇਜ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਕਰਕੇ ਮਾਮਲੇ ਦੀ ਜਾਂਚ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਜਦੋਂ ਪੱਖ ਲੈਣ ਲਈ ਐਸਐਚਓ ਸਤਨਾਮਪੁਰਾ ਗੁਰਨਾਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਪਹਿਲਾ ਭੇਜੀ ਜਾ ਚੁੱਕੀ ਸੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹ ਖ਼ੁਦ ਮੌਕਾ ਦੇਖ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ।