ਕੋਲਕਾਤਾ, 19 ਅਗਸਤ- ਮੰਗਲਵਾਰ ਸਵੇਰੇ 2 ਵਜੇ ਦੇ ਕਰੀਬ ਕੋਲਕਾਤਾ ਦੇ ਇਕ ਹੋਟਲ ਵਿਚ ਲੱਗੀ ਅੱਗ ਵਿਚ ਨੌਂ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਇਕ ਬੱਚਾ ਵੀ ਸ਼ਾਮਿਲ ਹੈ ਤੇ ਛੇ ਹੋਰ ਜ਼ਖਮੀ ਹੋ ਗਏ। ਫ੍ਰੀ ਸਕੂਲ ਸਟਰੀਟ 'ਤੇ ਸਥਿਤ ਹੋਟਲ ਤਾਇਬਾ ਦੇ ਜ਼ਿਆਦਾਤਰ ਲੋਕ ਅੱਗ ਲੱਗਣ ਸਮੇਂ ਸੁੱਤੇ ਹੋਏ ਸਨ। ਪੂਰੇ ਹੋਟਲ ਵਿਚ ਧੂੰਆਂ ਫੈਲ ਗਿਆ, ਜਿਸ ਕਾਰਨ ਦਮ ਘੁੱਟਣ ਲੱਗ ਪਿਆ। ਮ੍ਰਿਤਕਾਂ ਵਿਚ ਕੁਝ ਬੰਗਲਾਦੇਸ਼ੀ ਵੀ ਸ਼ਾਮਿਲ ਸਨ, ਜੋ ਡਾਕਟਰੀ ਇਲਾਜ ਲਈ ਆਏ ਸਨ।
ਫਾਇਰ ਵਿਭਾਗ ਦੇ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਅੰਦਰ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕੀਤਾ।
ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਹੋਟਲ ਦੀਆਂ ਖਿੜਕੀਆਂ ਤੋੜਨ ਲਈ ਪੌੜੀਆਂ ਦੀ ਵਰਤੋਂ ਕੀਤੀ ਅਤੇ ਅੰਦਰ ਫਸੇ 28 ਲੋਕਾਂ ਨੂੰ ਬਚਾਇਆ। ਉਨ੍ਹਾਂ ਨੂੰ ਕੋਲਕਾਤਾ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।