ਚੰਡੀਗੜ੍ਹ, 17 ਅਗਸਤ (ਕਪਿਲ ਵਧਵਾ) - 15 ਅਗਸਤ ਨੂੰ ਕੌਮੀ ਇਨਸਾਫ਼ ਮੋਰਚਾ ਅਤੇ ਹੋਰ ਜਥੇਬੰਦੀਆਂ ਵਲੋਂ ਕੀਤੇ ਰੋਸ ਪ੍ਰਦਰਸ਼ਨਾਂ ਦੌਰਾਨ ਪੁਲਿਸ ਬੈਰੀਕੇਡ ਤੋੜਨ, ਸੜਕਾਂ ਜਾਮ ਕਰਨ, ਪੁਲਿਸ ਦੀ ਡਿਊਟੀ ਵਿਚ ਵਿਘਨ ਪਾਉਣ ਅਤੇ ਹਥਿਆਰ ਲੈ ਕੇ ਪਹੁੰਚਣ ਦੇ ਦੋਸ਼ਾਂ ਤਹਿਤ ਚੰਡੀਗੜ੍ਹ ਪੁਲਿਸ ਨੇ ਵੱਖ-ਵੱਖ ਥਾਣਿਆਂ ਵਿਚ ਕਈ ਮਾਮਲੇ ਦਰਜ ਕੀਤੇ ਹਨ।
ਥਾਣਾ ਨਾਰਥ ਵਿਖੇ ਧਾਰਾ 223 ਬੀ.ਐੱਨ.ਐੱਸ. ਤਹਿਤ ਦਰਜ ਮਾਮਲੇ ਵਿਚ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਈਮਾਨ ਸਿੰਘ ਮਾਨ, ਰਛਪਾਲ ਸਿੰਘ, ਸੰਤ ਬਾਬਾ ਚਰਨਜੀਤ ਸਿੰਘ, ਜਤਿੰਦਰ ਸਿੰਘ, ਜਸਵੀਰ ਸਿੰਘ, ਗੁਰਪੰਤ ਸਿੰਘ, ਮਨਦੀਪ ਕੌਰ ਅਤੇ ਰਜਿੰਦਰ ਕੌਰ ਸਰਨ ਸ਼ਾਮਿਲ ਹਨ।
ਇਸੇ ਤਰ੍ਹਾਂ ਥਾਣਾ ਸੈਕਟਰ-36 ਵਿਖੇ ਵੱਖ-ਵੱਖ ਧਾਰਾਵਾਂ ਬੀ.ਐੱਨ.ਐੱਸ., ਅਸਲਾ ਐਕਟ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਸੰਬੰਧੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮੈਟੌਰ ਬੈਰੀਅਰ ਨੇੜੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕਰਕੇ ਪੁਲਿਸ ਬੈਰੀਕੇਡ ਤੋੜ ਕੇ ਚੰਡੀਗੜ੍ਹ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿਚ ਬਾਪੂ ਗੁਰਚਰਨ ਸਿੰਘ, ਗੁਰਦੀਪ ਬਠਿੰਡਾ, ਸੁਖਜਿੰਦਰ ਸਿੰਘ ਖੋਸਾ, ਸੁਖ ਗਿੱਲ ਮੋਗਾ, ਪਾਲ ਸਿੰਘ ਫਰਾਂਸ, ਬਾਬਾ ਰਾਜਾ ਰਾਜ ਸਿੰਘ, ਗੁਰਵਿੰਦਰ ਸਿੰਘ ਭੰਗੂ, ਸੁਰਜੀਤ ਫੂਲ, ਭਾਨਾ ਸਿੱਧੂ, ਬਲਜੀਤ ਸਿੰਘ ਖ਼ਾਲਸਾ, ਲੱਖਾ ਸਿਧਾਣਾ, ਅਮਿਤੋਜ਼ ਮਾਨ, ਨਵਦੀਪ ਜਲਬੇੜਾ ਸਮੇਤ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਥਾਣਾ ਨਾਰਥ ਵਿਖੇ ਹੀ ਧਾਰਾ 217, 223, 353(1)(ਬੀ), 3(5) ਬੀ.ਐੱਨ.ਐੱਸ. ਅਤੇ ਪੰਜਾਬ ਸਕਿਓਰਿਟੀ ਆਫ਼ ਸਟੇਟ ਐਕਟ ਤਹਿਤ ਦਰਜ ਮਾਮਲੇ ਵਿਚ ਸਿਮਰਨਜੀਤ ਸਿੰਘ ਮਾਨ, ਦਪਿੰਦਰ ਪ੍ਰਤਾਪ ਸਿੰਘ, ਗੋਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਅਨੁਸਾਰ ਸਿਮਰਨਜੀਤ ਸਿੰਘ ਮਾਨ ਨੇ ਮਰੀਜ਼ ਦਾ ਭੇਸ ਬਣਾ ਕੇ ਐਂਬੂਲੈਂਸ ਵਿਚ ਬੈਠਣ ਦੀ ਕੋਸ਼ਿਸ਼ ਕੀਤੀ।
ਉਧਰ ਥਾਣਾ ਈਸਟ ਸੈਕਟਰ-26 ਵਿਖੇ ਅਸਲਾ ਐਕਟ ਸਮੇਤ ਧਾਰਾ 223 ਅਤੇ 3(5) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰਕੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਸੈਕਟਰ-7/8 ਡਿਵਾਈਡਿੰਗ ਰੋਡ ’ਤੇ ਰੋਕੀਆਂ ਦੋ ਗੱਡੀਆਂ ਵਿਚੋਂ 4 ਤਲਵਾਰਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀਆਂ ਵਿਚ ਤਰੁਣ ਜੈਨ, ਹਰਕੀਰਤ ਸਿੰਘ, ਫ਼ਤਹਿ ਸਿੰਘ, ਗੁਰਸ਼ਾਂਤ ਸਿੰਘ, ਜਸਪ੍ਰੀਤ ਸਿੰਘ, ਹਰਜੀਤ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ ਅਤੇ ਸੰਦੀਪ ਕੁਮਾਰ ਸ਼ਾਮਿਲ ਹਨ। ਪੁਲਿਸ ਵਲੋਂ ਮਾਮਲਿਆਂ ਦੀ ਅਗਲੇਰੀ ਜਾਂਚ ਜਾਰੀ ਹੈ।
ਤਾਜ਼ਾ ਖ਼ਬਰਾਂ
Free
15 ਅਗਸਤ ਨੂੰ ਰੋਸ ਪ੍ਰਦਰਸ਼ਨ ਕਰਨ ਆਏ ਸਿਮਰਨਜੀਤ ਸਿੰਘ ਮਾਨ ਤੇ ਉਸਦੇ ਪੁੱਤਰ ਸਮੇਤ ਵੱਖ-ਵੱਖ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ
ਚੰਡੀਗੜ੍ਹ, 17 ਅਗਸਤ (ਕਪਿਲ ਵਧਵਾ) - 15 ਅਗਸਤ ਨੂੰ ਕੌਮੀ ਇਨਸਾਫ਼ ਮੋਰਚਾ ਅਤੇ ਹੋਰ ਜਥੇਬੰਦੀਆਂ ਵਲੋਂ ਕੀਤੇ ਰੋਸ ਪ੍ਰਦਰਸ਼ਨਾਂ ਦੌਰਾਨ ਪੁਲਿਸ ਬੈਰੀਕੇਡ ਤੋੜਨ, ਸੜਕਾਂ ਜਾਮ ਕਰਨ, ਪੁਲਿਸ ਦੀ ਡਿਊਟੀ ਵਿਚ ਵਿਘਨ ਪਾਉਣ ਅਤੇ ਹਥਿਆਰ...
ਅਜੀਤ ਡੈਸਕ
17-08-2026