ਸੁਨਾਮ ਉਧਮ ਸਿੰਘ ਵਾਲਾ (ਸੰਗਰੂਰ),16 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਇਕ ਧਾਰਮਿਕ ਯਾਤਰਾ ਤੋਂ ਵਾਪਿਸ ਘਰ ਪਰਤ ਰਹੇ ਨੇੜਲੇ ਪਿੰਡ ਰਾਮਗੜ੍ਹ ਜਵੰਧਾ ਦੇ ਰਹਿਣ ਵਾਲੇ ਬ੍ਰਾਹਮਣ ਭਲਾਈ ਬੋਰਡ ਸੰਗਰੂਰ ਦੇ ਚੇਅਰਮੈਨ ਜੈ ਦੇਵ ਸ਼ਰਮਾ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ।
ਰਾਮਗੜ੍ਹ ਜਵੰਧਾ ਪਿੰਡ ਦੇ ਸਰਪੰਚ ਬਿੱਕਰ ਸਿੰਘ ਨੇ ਦੱਸਿਆ ਕਿ ਜੈ ਦੇਵ ਸ਼ਰਮਾ ਆਪਣੇ ਕੁਝ ਸਾਥੀਆਂ ਨਾਲ ਉਨ੍ਹਾਂ ਚੋਂ ਕੁਝ ਦੇ ਪਰਿਵਾਰਾਂ ਸਮੇਤ ਕਾਂਸ਼ੀ ਦੀ ਧਾਰਮਿਕ ਯਾਤਰਾ 'ਤੇ ਗਏ ਸਨ। ਯਾਤਰਾ ਤੋਂ ਵਾਪਸ ਪਰਤਦੇ ਸਮੇਂ ਉਨ੍ਹਾਂ ਦੀ ਗੱਡੀ ਅਚਾਨਕ ਹਰਿਆਣਾ ਦੇ ਕੈਥਲ ਨੇੜੇ ਹਾਦਸਾਗ੍ਰਸਤ ਹੋ ਗਈ।
ਜਿਸ ਕਾਰਨ ਗੱਡੀ ਵਿਚ ਸਵਾਰ ਸਾਰੇ ਯਾਤਰੀ ਗੰਭੀਰ ਜ਼ਖ਼ਮੀ ਹੋ ਗਏ। ਜਿੰਨ੍ਹਾ ਨੂੰ ਜੈ ਦੇਵ ਸ਼ਰਮਾ ਸਮੇਤ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਪਰ ਜੈ ਦੇਵ ਸ਼ਰਮਾ (47) ਪੁੱਤਰ ਜਗਦੀਸ਼ ਸ਼ਰਮਾ ਵਾਸੀ ਪਿੰਡ ਰਾਮਗੜ੍ਹ ਜਵੰਧਾ ਪਟਿਆਲੇ ਦੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਗਏ ਜਦੋਂ ਕਿ ਦੂਜੇ ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।