ਸੰਗਰੂਰ, 14 ਅਗਸਤ (ਧੀਰਜ ਪਸੋਰੀਆ)- ਮੋਟਰ ਵਹੀਕਲ ਕਲੇਮ ਟ੍ਰਿਬਿਊਨਲ ਦੇ ਹੁਕਮਾਂ ਤੇ ਬੀਮਾ ਕੰਪਨੀ ਵਲੋਂ ਸੜਕ ਹਾਦਸੇ ਦੇ ਮ੍ਰਿਤਕ ਦੇ ਪਰਿਵਾਰ ਨੂੰ 99.73 ਲੱਖ ਰੁਪਏ ਦਾ ਕਲੇਮ ਅਦਾ ਕੀਤਾ ਗਿਆ ਹੈ। ਕੇਸ ਮੁਤਾਬਕ ਹਰਵਿੰਦਰ ਸਿੰਘ ਵਾਸੀ ਖੇਤਲਾ ਮੋਟਰਸਾਈਕਲ ਤੇ ਆਪਣੇ ਪਿੰਡ ਤੋਂ ਪਾਤੜਾਂ ਜਾ ਰਿਹਾ ਸੀ ਕਿ ਰਾਹ ਵਿਚ ਪਿੱਛੋਂ ਆ ਰਹੀ ਇਕ ਇਨੋਵਾ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਅਤੇ ਉਹ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਪਿਆ।
ਗੰਭੀਰ ਜ਼ਖ਼ਮੀ ਹੋਏ ਹਰਵਿੰਦਰ ਸਿੰਘ ਨੂੰ ਪਾਤੜਾਂ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਉਸ ਦੀ ਸਥਿਤੀ ਨੂੰ ਗੰਭੀਰ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਪਹੁੰਚਣ ਤੋਂ ਪਹਿਲਾਂ ਹੀ ਰਾਹ ਵਿਚ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਹਰਵਿੰਦਰ ਸਿੰਘ ਦੇ ਭਰਾ ਗੋਬਿੰਦ ਸਿੰਘ ਦੀ ਸ਼ਿਕਾਇਤ ਤੇ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ।
ਮਿਰਤਕ ਦੀ ਪਤਨੀ ਕਰਮਜੀਤ ਕੌਰ, ਬੇਟੀ, ਬੇਟੇ ਅਤੇ ਮਾਂ ਵਲੋਂ ਹਰਵਿੰਦਰ ਸਿੰਘ ਦੀ ਹੋਈ ਮੌਤ ਬਦਲੇ ਕਲੇਮ ਲੈਣ ਲਈ ਆਪਣੇ ਵਕੀਲ ਗੁਰਬਚਨ ਸਿੰਘ ਨਹਿਲ ਰਾਹੀਂ ਮੋਟਰ ਵਹੀਕਲ ਕਲੇਮ ਟ੍ਰਿਬਿਊਨਲ ਸੰਗਰੂਰ ਕੋਲ ਦਾਅਵਾ ਪੇਸ਼ ਕੀਤਾ ਗਿਆ ਜਿਸ ਵਿਚ ਇਕ ਕਰੋੜ ਰੁਪਏ ਮੁਆਵਜੇ ਦੀ ਮੰਗ ਕੀਤੀ ਗਈ। ਮੋਟਰ ਵਹੀਕਲ ਕਲੇਮ ਟ੍ਰਿਬਿਊਨਲ ਵਿਚ ਸੁਣਵਾਈ ਮੁਕੰਮਲ ਹੋਣ ਤੇ ਕਾਰ ਦੀ ਬੀਮਾ ਕੰਪਨੀ ਬਜਾਜ ਅਲਾਈਂਜ ਜਨਰਲ ਇੰਸੂਰੈਂਸ ਕੰਪਨੀ ਨੂੰ ਹੁਕਮ ਦਿੱਤਾ ਗਿਆ ਕਿ ਮ੍ਰਿਤਕ ਦੇ ਵਾਰਿਸਾ ਨੂੰ 92,90,995 ਰੁਪਏ ਸਮੇਤ 6 ਪ੍ਰਤੀਸ਼ਤ ਵਿਆਜ ਅਦਾ ਕੀਤੇ ਜਾਣ। ਹੁਣ ਟ੍ਰਿਬਿਊਨਲ ਵਲੋਂ ਹੁਕਮ ਕੀਤੇ ਕਲੇਮ ਨੂੰ ਬੀਮਾ ਕੰਪਨੀ ਨੇ ਸਮੇਤ ਵਿਆਜ 99,73,368 ਰੁਪਏ ਅਦਾ ਕਰ ਦਿੱਤੇ ਹਨ।