ਸੁਲਤਾਨਪੁਰ ਲੋਧੀ (ਕਪੂਰਥਲਾ), 6 ਅਗਸਤ (ਥਿੰਦ)- ਬੀਤੀ ਰਾਤ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਮਾਰਗ 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਕਾਰ ਵਿਚ ਸਵਾਰ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ। ਪਿੰਡ ਸਵਾਲ ਨੇੜੇ ਇਕ ਨਿੱਜੀ ਸਕੂਲ ਦੇ ਬਾਹਰ ਤੇਜ਼ ਰਫ਼ਤਾਰ ਮਹਿੰਦਰਾ ਐਕਸਯੂਵੀ 500 ਦੇ ਬੇਕਾਬੂ ਹੋ ਕੇ ਰੁੱਖਾਂ ਅਤੇ ਸਕੂਲ ਦੀ ਗਰਿੱਲ ਨਾਲ ਟਕਰਾਉਣ ਕਾਰਨ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਮਹਿਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ।
ਪੁਲਿਸ ਅਤੇ ਚਸ਼ਮਦੀਦਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਕਾਰ ਨੰਬਰ ਪੀ. ਬੀ. 10 ਡੀ ਟੀ2835 ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਵੱਲ ਜਾ ਰਹੀ ਸੀ। ਰਾਤ ਕਰੀਬ 11:45 ਵਜੇ ਜਦੋਂ ਕਾਰ ਪਿੰਡ ਸਵਾਲ ਨੇੜੇ ਪਹੁੰਚੀ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ। ਪਹਿਲਾਂ ਕਾਰ ਸੜਕ ਕਿਨਾਰੇ ਖੜ੍ਹੇ ਇਕ ਵੱਡੇ ਰੁੱਖ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਉੱਥੇ ਨਾ ਰੁਕੀ ਅਤੇ ਅੱਗੇ ਵੱਲ ਵਧਦੇ ਹੋਏ ਸੜਕ ਦੇ ਕਿਨਾਰੇ ਬਣੇ ਇਕ ਨਿੱਜੀ ਸਕੂਲ ਦੀ ਲੋਹੇ ਦੀ ਗਰਿੱਲ ਨੂੰ ਤੋੜਦੀ ਹੋਈ ਦੂਜੇ ਰੁੱਖ ਨਾਲ ਜਾ ਟਕਰਾਈ।
ਟੱਕਰ ਨਾਲ ਕਾਰ ਦੇ ਪਰਖੱਚੇ ਉੱਡ ਗਏ। ਟਾਇਰ, ਸ਼ੀਸ਼ੇ, ਬੰਪਰ ਅਤੇ ਇੰਜਣ ਦੇ ਪੁਰਜ਼ੇ ਸੜਕ 'ਤੇ ਕਈ ਮੀਟਰ ਦੂਰ ਤੱਕ ਖਿਲਰ ਗਏ। ਹਾਦਸੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਅਤੇ ਸਕੂਲ ਦੇ ਗਾਰਡ ਤੁਰੰਤ ਮੌਕੇ 'ਤੇ ਪਹੁੰਚੇ ਅਤੇ 112 'ਤੇ ਸੂਚਨਾ ਦਿੱਤੀ। ਹਾਦਸੇ ਵਿਚ ਕਾਰ ਸਵਾਰ 3 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ। ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਤਿੰਨਾਂ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਗਿਆ।
ਡਾਕਟਰਾਂ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਲੱਭੀ ਪੁੱਤਰ ਸੋਨੂੰ ਰਾਮ ਵਾਸੀ ਪਿੰਡ ਤਲਵੰਡੀ ਬੂਟਿਆਂ, ਜ਼ਿਲ੍ਹਾ ਜਲੰਧਰ ਉਮਰ ਕਰੀਬ 17 ਸਾਲ ਨੇ ਇਲਾਜ ਦੌਰਾਨ ਰਾਤ 12 ਵਜੇ ਦੇ ਕਰੀਬ ਦਮ ਤੋੜ ਦਿੱਤਾ। ਦੂਜੇ ਨੌਜਵਾਨ ਰਾਹੁਲ ਗਿੱਲ ਪੁੱਤਰ ਸਤਪਾਲ ਵਾਸੀ ਪਿੰਡ ਬਿਧੀਪੁਰ, ਸੁਲਤਾਨਪੁਰ ਲੋਧੀ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਉਸ ਦੀ ਲਾਸ਼ ਨੂੰ ਰਾਤ 1 ਵਜੇ ਦੇ ਕਰੀਬ ਪੁਲਿਸ ਵਲੋਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ।
ਕਾਰ ਵਿਚ ਸਵਾਰ ਅੰਜਨਾ ਰਾਣੀ ਪਤਨੀ ਰਾਹੁਲ ਗਿੱਲ ਵਾਸੀ ਪਿੰਡ ਸ਼ੰਕਰ, ਜ਼ਿਲ੍ਹਾ ਜਲੰਧਰ ਉਮਰ 23 ਸਾਲ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਸਿਰ ਅਤੇ ਸਰੀਰ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਅੱਗੇ ਇਲਾਜ ਲਈ ਜਲੰਧਰ ਦੇ ਇਕ ਨਿਜੀ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਹਾਦਸਾਗ੍ਰਸਤ ਵਾਹਨ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਹਾਦਸੇ ਵਾਲੀ ਥਾਂ ਦੇ ਨਿਸ਼ਾਨਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਸਕੂਲ ਦੀ ਟੁੱਟੀ ਹੋਈ ਗਰਿੱਲ ਅਤੇ ਸੜਕ 'ਤੇ ਪਏ ਟਾਇਰਾਂ ਦੇ ਨਿਸ਼ਾਨਾਂ ਤੋਂ ਪਤਾ ਲੱਗਦਾ ਹੈ ਕਿ ਗੱਡੀ ਕਾਫ਼ੀ ਤੇਜ਼ ਰਫ਼ਤਾਰ ਵਿਚ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿਚ ਤੇਜ਼ ਰਫ਼ਤਾਰ ਅਤੇ ਰਾਤ ਸਮੇਂ ਸੜਕ 'ਤੇ ਦਿੱਖ ਘੱਟ ਹੋਣ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੋ ਨੌਜਵਾਨਾਂ ਦੀ ਇਕੋ ਸਮੇਂ ਮੌਤ ਦੀ ਖ਼ਬਰ ਸੁਣ ਕੇ ਪਿੰਡ ਬਿਧੀਪੁਰ ਅਤੇ ਤਲਵੰਡੀ ਬੂਟਿਆਂ ਵਿਚ ਸੋਗ ਦਾ ਮਾਹੌਲ ਹੈ। ਰਾਹੁਲ ਗਿੱਲ ਦੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜਦਕਿ ਲੱਭੀ ਅਜੇ ਸਕੂਲ ਦੀ ਪੜ੍ਹਾਈ ਕਰ ਰਿਹਾ ਸੀ। ਅੰਜਨਾ ਰਾਣੀ ਦੇ ਵਿਆਹ ਨੂੰ ਅਜੇ ਇਕ ਸਾਲ ਵੀ ਨਹੀਂ ਹੋਇਆ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਪਰਿਵਾਰਾਂ ਨੂੰ ਦਿਲਾਸਾ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚ ਰਹੇ ਹਨ।
ਇਸ ਦਰਦਨਾਕ ਘਟਨਾ ਤੋਂ ਬਾਅਦ ਕਿਸਾਨ ਆਗੂ ਪਰਮਜੀਤ ਸਿੰਘ ਖਾਲਸਾ, ਵਾਤਾਵਰਨ ਪ੍ਰੇਮੀ ਕੁਲਬੀਰ ਸਿੰਘ ਵਲਣੀ, ਮਨੋਜ਼ ਸ਼ਰਮਾ, ਨੰਬਰਦਾਰ ਮੰਗਲ ਸਿੰਘ ਭੱਟੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਮਾਰਗ 'ਤੇ ਰਾਤ ਸਮੇਂ ਗਸ਼ਤ ਵਧਾਈ ਜਾਵੇ ਅਤੇ ਖ਼ਤਰਨਾਕ ਮੋੜਾਂ 'ਤੇ ਰਿਫਲੈਕਟਰ ਤੇ ਚਿਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਰਾਤ ਸਮੇਂ ਲੁਟੇਰੇ ਗਿਰੋਹ ਵੀ ਸੜਕਾਂ ਤੇ ਫਿਰਦੇ ਹਨ।