ਫ਼ਿਰੋਜ਼ਪੁਰ, 4 ਅਗਸਤ (ਰਾਕੇਸ਼ ਚਾਵਲਾ)- ਭਾਰਤ ਦੇ ਮੁੱਖ ਨਿਆਂਧੀਸ਼ ਵਲੋਂ ਲੀਗਲ ਏਡ ਡਿਫੈਂਸ ਕੌਂਸਲ (ਐੱਲ.ਏ.ਡੀ.ਸੀ.) ਪ੍ਰਣਾਲੀ ਨੂੰ ਵਾਪਸ ਲੈਣ ਅਤੇ ਬਾਰ ਐਸੋਸੀਏਸ਼ਨਾਂ ਨਾਲ ਸਲਾਹ-ਮਸ਼ਵਰਾ ਕਰਕੇ ਨਵੀਂ ਨੀਤੀ ਤਿਆਰ ਕਰਨ ਦਾ ਭਰੋਸਾ ਦਿੱਤੇ ਜਾਣ ਉਪਰੰਤ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ, ਫਿਰੋਜ਼ਪੁਰ ਵਲੋਂ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਢੋਲ ਵਜਾ ਕੇ ਸ਼ਾਨਦਾਰ ਜਸ਼ਨ ਮਨਾਇਆ ਗਿਆ।
ਇਸ ਮੌਕੇ ਵਕੀਲਾਂ ਨੇ ਮਿਠਾਈਆਂ ਵੰਡੀਆਂ, ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਇਸ ਫ਼ੈਸਲੇ ਨੂੰ ਸਮੁੱਚੇ ਕਾਨੂੰਨੀ ਭਾਈਚਾਰੇ ਦੀ ਇਤਿਹਾਸਕ ਜਿੱਤ ਕਰਾਰ ਦਿੱਤਾ। ਇਸ ਮੌਕੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਵਜੀਤ ਪਾਲ ਟੁਰਨਾ, ਉਪ ਪ੍ਰਧਾਨ ਜੋਬਨਜੀਤ ਸਿੰਘ ਸਿੱਧੂ ਅਤੇ ਸਕੱਤਰ ਨੀਲ ਰਤਨ ਸ਼ਰਮਾ ਨੇ ਕਿਹਾ ਕਿ ਦੇਸ਼ ਭਰ ਦੀਆਂ ਬਾਰ ਐਸੋਸੀਏਸ਼ਨਾਂ ਅਤੇ ਵਕੀਲਾਂ ਦੀ ਏਕਤਾ, ਸਬਰ ਅਤੇ ਲੰਮੇ ਸੰਘਰਸ਼ ਦਾ ਇਹ ਸਨਮਾਨਜਨਕ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਕਿਸੇ ਇਕ ਬਾਰ ਜਾਂ ਸੂਬੇ ਦੀ ਨਹੀਂ, ਸਗੋਂ ਸਮੁੱਚੇ ਕਾਨੂੰਨੀ ਭਾਈਚਾਰੇ ਦੀ ਜਿੱਤ ਹੈ। ਉਨ੍ਹਾਂ ਨੇ ਕਿਹਾ ਕਿ ਵਕੀਲਾਂ ਦੀ ਇਕਜੁੱਟਤਾ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਕਾਨੂੰਨੀ ਭਾਈਚਾਰਾ ਇਕ ਮੰਚ ’ਤੇ ਖੜ੍ਹਾ ਹੁੰਦਾ ਹੈ ਤਾਂ ਉਸਦੀ ਆਵਾਜ਼ ਨੂੰ ਅਣਸੁਣਿਆ ਨਹੀਂ ਕੀਤਾ ਜਾ ਸਕਦਾ।
ਬਾਰ ਦੇ ਅਹੁਦੇਦਾਰਾਂ ਨੇ ਦੇਸ਼ ਭਰ ਦੀਆਂ ਬਾਰ ਐਸੋਸੀਏਸ਼ਨਾਂ, ਬਾਰ ਕੌਂਸਲਾਂ ਅਤੇ ਸਮੂਹ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਅਤੇ ਏਕਤਾ ਨਾਲ ਇਹ ਸਫ਼ਲਤਾ ਹਾਸਲ ਹੋਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵਕੀਲਾਂ ਦੇ ਹਿੱਤਾਂ ਨਾਲ ਸਬੰਧਤ ਕਿਸੇ ਵੀ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਬਾਰ ਐਸੋਸੀਏਸ਼ਨਾਂ ਨਾਲ ਜ਼ਰੂਰ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਜਸ਼ਨ ਦੌਰਾਨ ਅਦਾਲਤ ਕੰਪਲੈਕਸ ਦਾ ਮਾਹੌਲ ਖੁਸ਼ੀ ਨਾਲ ਭਰਿਆ ਹੋਇਆ ਸੀ। ਵਕੀਲਾਂ ਨੇ ਢੋਲ ਦੀਆਂ ਧੁਨਾਂ ’ਤੇ ਭੰਗੜਾ ਪਾਇਆ, ਮਿਠਾਈਆਂ ਵੰਡੀਆਂ ਅਤੇ ਇਸ ਨੂੰ ਕਾਨੂੰਨੀ ਭਾਈਚਾਰੇ ਦੀ ਏਕਤਾ, ਸੰਘਰਸ਼ ਅਤੇ ਸਨਮਾਨ ਦੀ ਜਿੱਤ ਦੱਸਿਆ।