15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸੂਬਾਈ ਅਧਿਕਾਰਾਂ ’ਤੇ ਹਮਲੇ ਖ਼ਿਲਾਫ਼ ਚੁੱਪੀ ਨਾ ਵਰਤੇ ਪੰਜਾਬ ਸਰਕਾਰ-ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਮੁਕਤਸਰ ਸਾਹਿਬ, 29 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਕੱਲ੍ਹ ਬੁਲਾਏ ਗਏ ਸਪੈਸ਼ਲ...

ਅਜੀਤ ਡੈਸਕ 29-12-2025

ਸ੍ਰੀ ਮੁਕਤਸਰ ਸਾਹਿਬ, 29 ਦਸੰਬਰ (ਰਣਜੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਕੱਲ੍ਹ ਬੁਲਾਏ ਗਏ ਸਪੈਸ਼ਲ ਇਜਲਾਸ ਵਿਚ ਕੇਂਦਰ ਸਰਕਾਰ ਵਲੋਂ ਮਨਰੇਗਾ ਨੂੰ ਖ਼ਤਮ ਕਰਨ ਦੀ ਨੀਅਤ ਵਿਰੁੱਧ ਜਿਥੇ ਫੈਸਲੇ ਲੈਣ ਦੀ ਲੋੜ ਹੈ, ਉਥੇ ਨਾਲ ਹੀ ਪੰਜਾਬ ਸਰਕਾਰ ਨੂੰ ਕੇਂਦਰ ਵਲੋਂ ਸੂਬਿਆਂ ’ਤੇ ਥੋਪੇ ਜਾ ਰਹੇ 'ਬਿਜਲੀ ਸੋਧ ਬਿੱਲ 2025' ਅਤੇ 'ਬੀਜ ਬਿੱਲ 2025' ਤੇ ਵੀ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਦੋਵੇਂ ਬਿੱਲਾਂ ਦੇ ਖਰੜੇ ਪੰਜਾਬ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ ਅਤੇ ਸੂਬੇ ਦਾ ਪੱਖ ਮੰਗਿਆ ਗਿਆ ਹੈ। ਅਜਿਹੇ ਗੰਭੀਰ ਮਸਲਿਆਂ ’ਤੇ ਭਗਵੰਤ ਮਾਨ ਸਰਕਾਰ ਦੀ ਚੁੱਪੀ ਕਈ ਵੱਡੇ ਸਵਾਲ ਖੜ੍ਹੇ ਕਰਦੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੱਲ੍ਹ ਦਾ ਸੈਸ਼ਨ ਸਿਰਫ਼ ਸਿਆਸੀ ਡਰਾਮੇ ਤੱਕ ਸੀਮਤ ਨਾ ਰਹੇ, ਸਗੋਂ ਸੂਬਿਆਂ ਦੀ ਆਰਥਿਕਤਾ, ਗਰੀਬ ਅਤੇ ਮਜ਼ਦੂਰ ਵਰਗ ਦੇ ਹਿੱਤਾਂ ਅਤੇ ਸਭ ਤੋਂ ਵੱਡੀ ਗੱਲ ਬਿਜਲੀ ਅਤੇ ਬੀਜ ਵਰਗੇ ਮੂਲ ਵਿਸ਼ਿਆਂ ਤੇ ਕਾਨੂੰਨ ਬਣਾਉਣ ਦੇ ਪੰਜਾਬ ਦੇ ਸੰਵਿਧਾਨਿਕ ਅਧਿਕਾਰਾਂ ’ਤੇ ਵੀ ਖੁੱਲ੍ਹਾ ਅਤੇ ਦ੍ਰਿੜ ਸਟੈਂਡ ਲਵੇ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਵਲੋਂ ਅੱਜ ਸੂਬਾਈ ਅਧਿਕਾਰਾਂ ’ਤੇ ਹਮਲੇ ਖ਼ਿਲਾਫ਼ ਚੁੱਪੀ ਵਰਤੀ ਗਈ ਤਾਂ ਕੱਲ੍ਹ ਇਹ ਚੁੱਪੀ ਹੀ ਪੰਜਾਬ ਦੇ ਹੱਕਾਂ ਦੇ ਖੋਹ ਜਾਣ ਦੀ ਗਵਾਹ ਬਣੇਗੀ।

ਪਿਛਲੀ ਖ਼ਬਰ ਚੱਪੜ ਚਿੜੀ ਰੋਡ ’ਤੇ ਦੋ ਕਾਰਾਂ ਵਿਚ ਟੱਕਰ, ਇਕ ਦੀ ਮੌਤ ਅਗਲੀ ਖ਼ਬਰ ਅਰਾਵਲੀ ਮਾਮਲਾ:ਸੁਪਰੀਮ ਕੋਰਟ ਨੇ ਪਿਛਲੇ ਫ਼ੈਸਲੇ ’ਤੇ ਲਗਾਈ ਰੋਕ