08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਬਾਊਪੁਰ ਮੰਡ ਵਿਚ ਟੁੱਟਿਆ ਪਹਿਲਾ ਆਰਜ਼ੀ ਬੰਨ੍ਹ ਬੱਝਾ , ਸੰਤ ਸੀਚੇਵਾਲ ਨੇ ਸਾਰਿਆਂ ਕੀਤਾ ਧੰਨਵਾਦ

ਸੁਲਤਾਨਪੁਰ ਲੋਧੀ, 21 ਸਤੰਬਰ(ਜਗਮੋਹਣ ਸਿੰਘ ਥਿੰਦ)- ਬਾਊਪੁਰ ਮੰਡ ਇਲਾਕੇ ਵਿਚ ਆਏ ਹੜ੍ਹ ਦੌਰਾਨ ਜਿਹੜਾ ਪਹਿਲਾ ਆਰਜ਼ੀ ਬੰਨ੍ਹ ਟੁਟ ਗਿਆ ਸੀ, ਉਸ ਬੰਨ੍ਹ ਨੂੰ ਲੋਕਾਂ ਦੇ ਸਾਂਝੇ ਸਹਿਯੋਗ ਨਾਲ ਬੰਨ੍ਹ ਦਿੱਤਾ ਗਿਆ ...

ਅਜੀਤ ਡੈਸਕ 21-09-2025

ਸੁਲਤਾਨਪੁਰ ਲੋਧੀ, 21 ਸਤੰਬਰ(ਜਗਮੋਹਣ ਸਿੰਘ ਥਿੰਦ)- ਬਾਊਪੁਰ ਮੰਡ ਇਲਾਕੇ ਵਿਚ ਆਏ ਹੜ੍ਹ ਦੌਰਾਨ ਜਿਹੜਾ ਪਹਿਲਾ ਆਰਜ਼ੀ ਬੰਨ੍ਹ ਟੁਟ ਗਿਆ ਸੀ, ਉਸ ਬੰਨ੍ਹ ਨੂੰ ਲੋਕਾਂ ਦੇ ਸਾਂਝੇ ਸਹਿਯੋਗ ਨਾਲ ਬੰਨ੍ਹ ਦਿੱਤਾ ਗਿਆ ਹੈ। ਇਸ ਆਰਜ਼ੀ ਬੰਨ੍ਹ ਵਿਚ ਲੰਘੀ 10 ਅਗਸਤ ਦੀ ਰਾਤ ਨੂੰ ਪਾੜ ਪੈ ਗਿਆ ਸੀ, ਜਿਸ ਨਾਲ ਦਰਿਆ ਬਿਆਸ ਦਾ ਪਾਣੀ ਬਾਊਪੁਰ ਮੰਡ ਇਲਾਕੇ ਵਿਚ ਭਰ ਗਿਆ ਸੀ। ਜਿਸ ਨੇ ਵੱਡੇ ਪੱਧਰ ‘ਤੇ ਤਬਾਹੀ ਮਚਾਈ ਸੀ। ਇਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਅੱਜ ਵੀ ਸੇਵਾ ਦੇ ਕਾਰਜ ਜਾਰੀ ਰਹੇ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਅੱਜ 15 ਤੋਂ ਵੱਧ ਟਰੈਕਟਰਾਂ ਨੇ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਆਲੇ-ਦੁਆਲੇ ਦੇ ਖੇਤਾਂ 'ਚੋਂ ਮਿੱਟੀ ਕਰਾਹਿਆਂ ਨਾਲ ਇੱਕਠੀ ਕਰਕੇ ਬੰਨ੍ਹ ਤੱਕ ਪਹੁੰਚਾਈ। ਇੱਥੇ ਵੀ ਇਕ ਵੱਡੀ ਐਕਸਾਵੇਟਰ ਮਸ਼ੀਨ ਵੀ ਬੰਨ੍ਹ ਨੂੰ ਮਜ਼ਬੂਤ ਕਰਨ ਵਿਚ ਲੱਗੀ ਹੋਈ ਸੀ।

ਬਾਊਪੁਰ ਮੰਡ ਇਲਾਕੇ ਵਿਚ ਪਿੰਡ ਰਾਮਗੜ੍ਹ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਤੋਂ 10 ਨੌਜਵਾਨ ਟਰੈਕਟਰ ਅਤੇ ਡੀਜ਼ਲ ਲੈ ਕੇ ਆਏ ਹਨ ਤਾਂ ਜੋ ਹੜ੍ਹ ਪੀੜਤਾਂ ਦੇ ਖੇਤ ਮੁੜ ਵਾਹੀਯੋਗ ਬਣਾਏ ਜਾ ਸਕਣ। ਇੰਨ੍ਹਾਂ ਨੌਜਵਾਨਾਂ ਵਿਚ ਸ਼ਾਮਿਲ ਮਨਜੀਤ ਸਿੰਘ ਤੇ ਗੁਰਕੀਰਤ ਸਿੰਘ ਨੇ ਦੱਸਿਆ ਕਿ ਉਹ 2 ਟਰਾਲੀਆਂ ਪਸ਼ੂਆਂ ਦੇ ਲਈ ਅਚਾਰ ਦੀਆਂ ਵੀ ਨਾਲ ਲੈ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਤੋਂ ਹੀ ਸੰਤ ਸੀਚੇਵਾਲ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਪ੍ਰੇਰਿਤ ਹੋ ਕੇ ਬਾਬਾ ਜੀ ਦੇ ਹੋਕੇ 'ਤੇ 10 ਜਣਿਆਂ ਦੀ ਟੀਮ ਪੂਰੀ ਇੱਕਜੁਟਤਾ ਨਾਲ ਹੜ੍ਹ ਪੀੜਤ ਇਲਾਕਿਆਂ ਵਿਚ ਕੰਮ ਕਰਨ ਲਈ ਆਈ ਹੋਈ ਹੈ। ਇੰਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਹ 2 ਦਿਨ ਇੱਥੇ ਰੁਕਣਗੇ ਅਤੇ ਬਾਅਦ ਵਿਚ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਆਉਣਗੇ।ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਨੌਜਵਾਨਾਂ ਤੇ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਦਿਨ-ਰਾਤ ਇਕ ਕਰਕੇ ਇਸ ਬੰਨ੍ਹ ਨੂੰ ਬੰਨਿਆ।

 

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਸ਼ੁਰੂ ਕੀਤਾ ਮਿਸ਼ਨ ਚੜ੍ਹਦੀ ਕਲਾ ਲੁੱਟ ਦਾ ਸਾਧਨ - ਰਵਨੀਤ ਸਿੰਘ ਬਿੱਟੂ ਅਗਲੀ ਖ਼ਬਰ ਜੀ.ਐਸ.ਟੀ. ਸੁਧਾਰ ਭਾਰਤ ਦੇ ਵਿਕਾਸ ਨੂੰ ਤੇਜ਼ ਕਰਨਗੇ -ਪ੍ਰਧਾਨ ਮੰਤਰੀ ਮੋਦੀ