02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਵੱਡੇ ਭਰਾ ਨਾਲ ਮਿਲ ਕੇ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰ ਰਿਹੈ ਸੀ ਨਾਬਾਲਗ, ਦੋਵੇਂ ਗ੍ਰਿਫ਼ਤਾਰ

ਅਜੀਤ ਡੈਸਕ 01-08-2026
ਜਲੰਧਰ, 31 ਜੁਲਾਈ (ਜਤਿੰਦਰ ਪੰਮੀ)–ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਭਰਾਵਾਂ ਵਿਚੋਂ ਵੱਡੇ ਦੀ ਉਮਰ 19 ਤੇ ਛੋਟੇ ਦੀ 17 ਸਾਲ ਹੈ ਜੋ ਕਿ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਸਨ। ਪੁਲਿਸ ਮੁਤਾਬਕ ਵੱਡੇ ਭਰਾ ਦੀ ਪਛਾਣ ਵੰਸ਼ ਸੋਂਧੀ ਵਾਸੀ ਕਿਸ਼ਨਪੁਰਾ ਮੁਸਲਿਮ ਕਾਲੋਨੀ ਜੈਮਲ ਨਗਰ ਵਜੋਂ ਹੋਈ ਹੈ ਜਦੋਂਕਿ ਛੋਟਾ ਭਰਾ ਨਾਬਾਲਗ ਹੋਣ ਕਰਕੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਪੁਲਿਸ ਨੇ ਚੋਰੀ ਕੀਤੇ ਹੋਏ ਚਾਰ ਮੋਟਰਸਾਈਕਲ ਅਤੇ ਸੋਨੇ ਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਪੁਲਿਸ ਨੇ ਥਾਣਾ ਨਵੀਂ ਬਾਰਾਂਦਰੀ ਵਿੱਚ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ 29 ਜੁਲਾਈ ਨੂੰ ਸ਼ਾਹਜਾਨ ਮੀਆਂ ਪੁੱਤਰ ਕੁਰਨ ਮੀਆਂ ਵਾਸੀ ਮੇਨ ਬਾਜ਼ਾਰ ਗੜ੍ਹਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੇ ਕੋਲਕਾਤਾ ਸਥਿਤ ਘਰ ਤੋਂ ਰੇਲਗੱਡੀ ਰਾਹੀਂ ਜਲੰਧਰ ਸਿਟੀ ਰੇਲਵੇ ਸਟੇਸ਼ਨ ਪੁੱਜਾ ਸੀ। ਉਥੋਂ ਆਟੋ ਲੈ ਕੇ ਬਾਅਦ ਦੁਪਹਿਰ ਕਰੀਬ ਸਵਾ ਚਾਰ ਵਜੇ ਆਪਣੀ ਪਤਨੀ ਖਰੀਜਾ ਖਾਤੂਨ ਸਮੇਤ ਆਪਣੇ ਘਰ ਗੜ੍ਹਾ ਜਾ ਰਿਹਾ ਸੀ। ਜਦੋਂ ਉਹ ਗੁਰੂਨਾਨਕਪੁਰਾ ਰੋਡ ਦੇ ਪੀ. ਏ. ਪੀ. ਗਰਾਊਂਡ ਦੇ ਟੀ-ਪੁਆਇੰਟ ਕੋਲ ਪੁੱਜੇ ਤਾਂ ਗੁਰੂ ਨਾਨਕਪੁਰਾ ਫਾਟਕ ਵਾਲੇ ਪਾਸਿਓਂ ਆਏ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਪਤਨੀ ਦੇ ਹੱਥ ਵਿਚ ਫੜਿਆ ਪਰਸ ਜਬਰਦਸਤੀ ਖੋਹ ਲਿਆ ਤੇ ਫਰਾਰ ਹੋ ਗਏ। ਪੀੜਤ ਸ਼ਾਹਜਾਨ ਮੀਆਂ ਨੇ ਆਪਣੇ ਬਿਆਨ ਵਿੱਚ ਅੱਗੇ ਦੱਸਿਆ ਕਿ ਪਰਸ ਵਿੱਚ ਇਕ ਮੋਬਾਈਲ ਫੋਨ, ਪੈਨ ਕਾਰਡ, ਆਧਾਰ ਕਾਰਡ, 14000 ਰੁਪਏ ਨਕਦ, ਸੋਨੇ ਦੀਆਂ ਵਾਲ਼ੀਆਂ, ਬੱਚੇ ਦਾ ਚਾਂਦੀ ਦਾ ਕੜਾ, ਬੱਚੇ ਦੀਆਂ ਚਾਂਦੀ ਦੀਆਂ ਪੰਜੇਬਾਂ, ਇਕ ਚਾਂਦੀ ਦਾ ਬਰੈੱਸਲੇਟ, ਪੈਰਾਂ ਦੇ ਬਿਛੂਏ ਸਨ। ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੀੜਤ ਵਲੋਂ ਦਿੱਤੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰਕੇ ਪੁਲਿਸ ਨੇ ਤਫਤੀਸ਼ ਸ਼ੁਰੂ ਕੀਤੀ। ਤਫਤੀਸ਼ ਦੌਰਾਨ ਮੁਲਜ਼ਮਾਂ ਦੀ ਪਛਾਣ ਵੰਸ਼ ਸੋੋਂਧੀ ਤੇ ਉਸ ਦੇ ਨਾਬਾਲਗ ਭਰ ਵਜੋਂ ਹੋਈ। ਪੁਲਿਸ ਨੇ ਕਾਰਵਾਈ ਕਰਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਕੀਤੇ ਗਏ ਚਾਰ ਮੋਟਰਸਾਈਕਲ ਤੇ ਵਾਰਦਾਤ ਦੌਰਾਨ ਖੋਹੀਆਂ ਸੋਨੇ ਦੀਆਂ ਵਾਲ਼ੀਆਂ ਤੇ ਬੱਚੇ ਦੀਆਂ ਪੰਜੇਬਾਂ ਬਰਾਮਦ ਕਰ ਲਈਆਂ ਹਨ। ਮੁਲਜ਼ਮ ਵੰਸ਼ ਕੋਲੋਂ ਹੋਰ ਵਾਰਦਾਤਾਂ ਅਤੇ ਖੋਹ ਕੀਤੇ ਗਏ ਸਾਮਾਨ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਨਾਲ ਮੀਟਿੰਗ ’ਚ ਵਕੀਲ ਐੱਲ. ਏ. ਡੀ. ਸੀ. ਨੀਤੀ ਰੱਦ ਕਰਨ ਦੀ ਮੰਗ ’ਤੇ ਅੜੇ ਅਗਲੀ ਖ਼ਬਰ ਇੰਪਰੂਵਮੈਂਟ ਟਰੱਸਟ ਵੱਲ ਅਲਾਟੀਆਂ ਦੀ 90 ਕਰੋੜ ਪੁੱਜ ਗਈ ਦੇਣਦਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।