ਨਿਊਯਾਰਕ, 31 ਜੁਲਾਈ (ਐਸ. ਅਸ਼ੋਕ ਭੌਰਾ, ਰਾਜੂ ਸਹਿਬਾਜ਼ਪੁਰਾ,ਰਾਜੂ ਸਹਿਬਾਜ਼ਪੁਰਾ)-ਕੈਨੇਡਾ ’ਚ ਵਿਦਿਆਰਥੀ ਵੀਜ਼ੇ ’ਤੇ ਪੜ੍ਹ ਰਹੇ 22 ਸਾਲਾ ਭਾਰਤੀ ਨਾਗਰਿਕ ਰੋਸ਼ਨ ਸ਼ਾਹ ਨੂੰ ਅਮਰੀਕਾ ’ਚ ਬਜ਼ੁਰਗਾਂ ਨਾਲ ਵੱਡੀ ਠੱਗੀ ਕਰਨ ਦੇ ਮਾਮਲੇ ’ਚ ਚਾਰ ਸਾਲ ਦੀ ਕੈਦ ਸੁਣਾਈ ਗਈ ਹੈ। ਅਦਾਲਤ ਨੇ ਉਸ ਨੂੰ ਧੋਖਾਧੜੀ ਨਾਲ ਮਿਲੀ ਰਕਮ ਨੂੰ ਛੁਪਾਉਣ ਦੀ ਸਾਜ਼ਿਸ਼ ਵਿੱਚ ਦੋਸ਼ੀ ਮੰਨਿਆ। ਜਾਂਚ ਅਨੁਸਾਰ ਭਾਰਤ ’ਚ ਬੈਠੇ ਉਸਦੇ ਸਾਥੀ ਬਜ਼ੁਰਗਾਂ ਨੂੰ ਫੋਨ ਕਰਕੇ ਡਰਾਉਂਦੇ ਸਨ ਕਿ ਉਨ੍ਹਾਂ ਦੀ ਪਛਾਣ ਅਪਰਾਧਾਂ ਵਿੱਚ ਵਰਤੀ ਗਈ ਹੈ। ਫਿਰ ਉਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਆਪਣੀ ਨਕਦੀ ਅਤੇ ਸੋਨਾ ਸੁਰੱਖਿਅਤ ਰੱਖਣ ਲਈ ਸਰਕਾਰੀ ਅਧਿਕਾਰੀ ਦੇ ਹਵਾਲੇ ਕਰਨਾ ਪਵੇਗਾ। ਰੋਸ਼ਨ ਸ਼ਾਹ ਖੁਦ ਨੂੰ ਫੈਡਰਲ ਅਧਿਕਾਰੀ ਦੱਸ ਕੇ ਇਹ ਕੀਮਤੀ ਸਮਾਨ ਇਕੱਠਾ ਕਰਦਾ ਸੀ। ਅਧਿਕਾਰੀਆਂ ਮੁਤਾਬਕ ਉਸ ਨੇ ਵੱਖ-ਵੱਖ ਅਮਰੀਕੀ ਰਾਜਾਂ ਦੇ 15 ਪੀੜਤਾਂ ਤੋਂ 37 ਲੱਖ ਡਾਲਰ ਤੋਂ ਵੱਧ ਦੀ ਨਕਦੀ ਅਤੇ ਸੋਨਾ ਇਕੱਠਾ ਕੀਤਾ। ਉਸ ਨੂੰ 2025 ਵਿੱਚ ਵਿਸਕਾਨਸਿਨ ਦੇ ਨਿਊ ਬਰਲਿਨ ਸ਼ਹਿਰ ਵਿੱਚ ਪੀੜਤਾਂ ਤੋਂ ਸੋਨਾ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਇਸ ਠੱਗੀ ਨੇ ਬਜ਼ੁਰਗ ਅਤੇ ਕਮਜ਼ੋਰ ਲੋਕਾਂ ਨੂੰ ਭਾਰੀ ਆਰਥਿਕ ਤੇ ਮਾਨਸਿਕ ਨੁਕਸਾਨ ਪਹੁੰਚਾਇਆ।
ਕੈਨੇਡਾ ਦੇ ਭਾਰਤੀ ਵਿਦਿਆਰਥੀ ਨੂੰ ਅਮਰੀਕਾ ’ਚ 4 ਸਾਲ ਦੀ ਕੈਦ
ਅਜੀਤ ਡੈਸਕ
01-08-2026