ਬੱਲੂਆਣਾ (ਬਠਿੰਡਾ), 1 ਅਗਸਤ (ਗੁਰਨੈਬ ਸਾਜਨ )- ਪਿਛਲੇਂ ਕਈ ਮਹੀਨਿਆਂ ਤੋਂ ਬਾਰਸ਼ ਨਾਂ ਪੈਣ ਕਾਰਨ ਅਤੇ ਬਿਜਲੀ ਦੇ ਲੰਬੇ ਕੱਟਾਂ ਤੋਂ ਦੁਖੀ ਦਿਉਣ ਦੇ ਕਿਸਾਨ ਨੇ 7 ਏਕੜ ਝੋਨੇ ਦੀ ਪੁੱਤਾਂ ਵਾਂਗੂੰ ਪਾਲੀ ਖੜੀ ਫ਼ਸਲ ਵਾਹ ਦਿੱਤੀ ਹੈ। ਇਸ ਸਬੰਧੀ ਦਿਉਣ ਦੇ ਕਿਸਾਨ ਸੁਖਚੈਨ ਸਿੰਘ ਪੁੱਤਰ ਬਲਵੀਰ ਸਿੰਘ ਦਿਉਣ ਨੇ ਦੱਸਿਆ ਕਿ ਉਸ ਨੇ ਪਿਛਲੇ ਮਹੀਨਿਆਂ ਦੌਰਾਨ ਆਪਣੀ ਧੀ ਭੈਣ ਦਾ ਵਿਆਹ ਕੀਤਾ ਸੀ, ਜਿਸ ਕਾਰਨ ਉਸ ਦਾ ਪਿਤਾ 5-6 ਲੱਖ ਦਾ ਕਰਜਾਈ ਸੀ। ਉਸ ਨੇ ਨੇੜਲੇ ਪਿੰਡ ਭਗਵਾਨਾ ਮਹਿਮਾ ਵਿਖੇ ਪ੍ਰਤੀ ਏਕੜ 75 ਹਜਾਰ ਨੂੰ ਠੇਕੇ ਤੇ ਜ਼ਮੀਨ ਲਈ ਸੀ ਕਿ ਫ਼ਸਲ ਵੇਚ ਕੇ ਆਪਣੇ ਬਾਪ ਸਿਰ ਚੜਿਆ ਕਰਜ਼ਾ ਮੋੜ ਦੇਵੇਗਾ।
ਪਰ ਉਸ ਦੀਆਂ ਉਮੀਦਾਂ ਉੱਪਰ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਐਂਤਕੀ ਬਿਜਲੀ ਦੇ ਲੰਬੇ ਲੰਬੇ ਕੱਟਾਂ ਕਾਰਨ ਮੋਟਰ ਦਾ ਸਹੀ ਢੰਗ ਨਾਲ ਪਾਣੀ ਨਾਂ ਲੱਗਣ ਕਰਕੇ ਅਤੇ ਨਹਿਰੀ ਪਾਣੀ ਸਹੀ ਢੰਗ ਨਾਲ ਨਾਂ ਮਿਲਣ ਕਰਕੇ ਝੋਨੇ ਦੀ ਫ਼ਸਲ ਖਰਾਬ ਹੋ ਗਈ। ਮਜ਼ਬੂਰਨ ਉਸ ਨੂੰ ਮਹਿੰਗੇ ਭਾਅ ਠੇਕੇ ਤੇ ਲਈ ਜ਼ਮੀਨ ਚੋਂ 7 ਏਕੜ ਝੋਨੇ ਦੀ ਫ਼ਸਲ ਟਰੈਕਟਰ ਨਾਲ ਵਾਹੁਣੀ ਪਈ। ਉਨ੍ਹਾਂ ਕਿਹਾ ਕਿ ਵਾਹੀ ਗਈ ਝੋਨੇ ਦੀ ਫ਼ਸਲ ਉੱਪਰ ਉਸ ਦਾ ਪ੍ਰਤੀ ਏਕੜ 8 ਹਜ਼ਾਰ ਖਰਚਾ ਹੋ ਚੁੱਕਾ ਹੈ, ਜੇਕਰ ਬਾਰਿਸ਼ ਪੈਂਦੀ ਹੈ ਤਾਂ ਉਹ ਝੋਨੇ ਦੀ 26 ਕਿਸਮ ਲਗਾ ਸਕਦਾ ਹੈ , ਜੇਕਰ ਬਾਰਸ਼ ਨਹੀਂ ਪੈਂਦੀ ਤਾਂ ਉਹ ਸਾਉਣੀ ਦੀ ਫ਼ਸਲ ਦਾ ਖਰਚਾ ਤੇ ਜ਼ਮੀਨ ਦਾ ਠੇਕਾ ਭਰਨ ਲਈ ਹੋਰ ਕਰਜ਼ ਚੁੱਕੇਗਾ।
ਇਸ ਮੌਕੇ ਬੀ.ਕੇ.ਯੂ. ਸਿੱਧੂਪੁਰ (ਪਿਸ਼ੌਰਾ ਸਿੰਘ)ਦੇ ਜ਼ਿਲਾ ਜਨਰਲ ਸਕੱਤਰ ਰਾਮ ਸਿੰਘ ਦਿਉਣ ਨੇ ਦੱਸਿਆ ਕਿ ਇਕ ਪਾਸੇ ਮਾਨ ਸਰਕਾਰ ਕਹਿ ਰਹੀ ਹੈ ਕਿ ਉਹ ਕਿਸਾਨਾਂ ਨੂੰ ਮੋਟਰਾਂ ਲਈ ਬਿਜਲੀ ਅਤੇ ਨਹਿਰੀ ਪਾਣੀ ਵਾਧੂ ਦੇ ਰਹੀ ਹੈ। ਜਦੋਂ ਕਿ ਕਿਸਾਨ ਸੁਖਚੈਨ ਸਿੰਘ ਦਿਉਣ ਪਾਣੀ ਦੀ ਘਾਟ ਕਾਰਨ ਝੋਨਾ ਵਾਹ ਰਿਹਾ ਹੈ। ਸਰਕਾਰ ਐਸੇ ਕਿਸਾਨਾਂ ਦੀ ਔਖੇ ਵੇਲੇ ਬਾਂਹ ਫੜੇ ਅਤੇ ਉਨ੍ਹਾਂ ਦੀ ਖਰਾਬ ਹੋਈ ਫ਼ਸਲ ਦਾ ਮੁਆਵਜ਼ਾ ਦੇਵੇ।
ਇਸ ਮੌਕੇ ਦਰਸ਼ਨ ਸਿੰਘ ਨੰਬਰਦਾਰ ਭਗਵਾਨਾ ਮਹਿਮਾ, ਜਸਵੀਰ ਛਿੰਦਾ, ਗੁਰਮੀਤ ਸਿੰਘ, ਗੁਰਮੇਲ ਸਿੰਘ ਦਿਉਣ ਮੌਜੂਦ ਸਨ।