02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਹੜਤਾਲ ਨੇ ਲੁਧਿਆਣਾ ਨੂੰ ਕੀਤਾ ਗੰਦਗੀ ਹਵਾਲੇ, ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਵੀ ਬੇਅਸਰ

ਅਜੀਤ ਡੈਸਕ 01-08-2026

ਲੁਧਿਆਣਾ, 31 ਜੁਲਾਈ (ਭੁਪਿੰਦਰ ਸਿੰਘ ਬੈਂਸ)-ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਸਫ਼ਾਈ ਕਰਮਚਾਰੀਆਂ ਦਾ ਚੱਲ ਰਿਹਾ ਸੰਘਰਸ਼ ਹੁਣ ਮਹਾਂਨਗਰ ਵਿਚ ਗੰਭੀਰ ਅਸਰ ਛੱਡ ਰਿਹਾ ਹੈ। ਕਰਮਚਾਰੀਆਂ ਦੀ ਲਗਾਤਾਰ ਹੜਤਾਲ ਕਾਰਨ ਮਹਾਂਨਗਰ ਦੀ ਸਫ਼ਾਈ ਵਿਵਸਥਾ ਲਗਭਗ ਠੱਪ ਹੋ ਗਈ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਕੂੜੇ ਦੇ ਢੇਰ ਲੱਗ ਗਏ ਹਨ। ਜਦਕਿ ਸੀਵਰੇਜ ਅਤੇ ਗੰਦੇ ਪਾਣੀ ਦੀਆਂ ਸਮੱਸਿਆਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦੂਜੇ ਪਾਸੇ ਪ੍ਰਸ਼ਾਸਨ ਅਤੇ ਯੂਨੀਅਨਾਂ ਦੇ ਆਗੂਆਂ ਵਿਚਾਲੇ ਹੋਈ, ਮੀਟਿੰਗ ਵੀ ਕਿਸੇ ਸਿੱਟੇ ‘ਤੇ ਨਹੀਂ ਪੁੱਜ ਸਕੀ। ਹੜਤਾਲ ਕਰ ਰਹੇ ਕਰਮਚਾਰੀਆਂ ਵਲੋਂ ਸ਼ਹਿਰ ਦੇ ਸਟੈਟਿਕ ਕੰਟੈੱਕਟਰਾਂ ਨੂੰ ਤਾਲ ਲਗਾ ਦਿੱਤੇ ਗਏ ਹਨ। ਇਸ ਕਾਰਨ ਕੰਟੈੱਕਟਰਾਂ ਦੇ ਬਾਹਰ ਕੂੜੇ ਦੇ ਢੇਰ ਲੱਗ ਗਏ ਹਨ। ਦੁੱਗਰੀ ਪੁਲ ਨੇੜੇ, ਮਿੱਢਾ ਚੌਕ, ਜਵਾਹਰ ਨਗਰ ਚੌਂਕ, ਪ੍ਰਤਾਪ ਚੌਂਕ ਸਮੇਤ ਕਈ ਇਲਾਕਿਆਂ ਵਿਚ ਕੂੜਾ ਸੜਕਾਂ ਅਤੇ ਗਲੀਆਂ ਵਿਚ ਖਿੱਲਰਿਆ ਪਿਆ ਹੈ। ਕੂੜੇ ਦੇ ਬਦਬੂ ਅਤੇ ਗੰਦਗੀ ਕਾਰਨ ਲੋਕਾਂ ਦਾ ਉਥੇ ਲੰਘਣਾ ਵੀ ਔਖਾ ਹੋ ਰਿਹਾ ਹੈ। ਬੀਤੇ ਦਿਨੀਂ ਹੋਈ ਬਰਸਾਤ ਨੇ ਹਾਲਾਤ ਹੋਰ ਵਿਗਾੜ ਦਿੱਤੇ ਹਨ। ਮੀਂਹ ਦੇ ਪਾਣੀ ਨਾਲ ਕੂੜਾ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਫੈਲ ਗਿਆ ਹੈ। ਗਿੱਲੇ ਕੂੜੇ ਵਿਚੋਂ ਉਠ ਰਹੀ ਬਦਬੂ ਨੇ ਆਲੇ-ਦੁਆਲੇ ਦੇ ਵਸਨੀਕਾਂ ਦੀ ਜੀਣਾ ਮੁਸ਼ਕਲ ਕਰ ਦਿੱਤਾ ਹੈ। ਲੋਕਾਂ ਨੂੰ ਡਰ ਹੈ ਕਿ ਜੇਕਰ ਜਲਦੀ ਕੂੜਾ ਨਾ ਚੁੱਕਿਆ ਗਿਆ ਤਾਂ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਸਕਦਾ ਹੈ। ਹੜਤਾਲ ਦਾ ਅਸਰ ਸੀਵਰੇਜ ਪ੍ਰਬੰਧ ‘ਤੇ ਵੀ ਪਿਆ ਹੈ। ਸ਼ਹਿਰ ਦੇ ਕਈ ਵਾਰਡਾਂ ਵਿਚ ਸੀਵਰੇਜ ਜਾਮ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਕੁੱਝ ਇਲਾਕਿਆਂ ਦੇ ਲੋਕਾਂ ਦਾ ਦਾਅਵਾ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਮਿਲ ਕੇ ਆ ਰਿਹਾ ਹੈ। ਜੇਕਰ ਇਹ ਹਾਲਾਤ ਲੰਮੇ ਸਮੇਂ ਤਕ ਬਣੇ ਰਹੇ ਤਾਂ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਖੜ੍ਹਾ ਹੋ ਸਕਦਾ ਹੈ। ਦੂਜੇ ਪਾਸੇ ਸ਼ਹਿਰ ਵਿਚ ਵੱਧ ਰਹੀ ਗੰਦਗੀ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਕਾਰਨ ਲੋਕ ਹੁਣ ਪ੍ਰਸ਼ਾਸਨ ਅਤੇ ਯੂਨੀਅਨਾਂ ਵਿਚਾਲੇ ਛੇਤੀ ਸਮਝੌਤਾ ਹੋਣ ਦੀ ਉਡੀਕ ਕਰ ਰਹੇ ਹਨ। ਜੇਕਰ ਹੜਤਾਲ ਲੰਮੀ ਚੱਲੀ ਤਾਂ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਗੰਭੀਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ‘ਖੇਤੀ ਸੰਕਟ’ ਬਾਰੇ ਸਰਬਪੱਖੀ ਪੁਸਤਕ ਪ੍ਰੋ. ਗਿੱਲ, ਬਾਵਾ ਤੇ ਬਰਗਾੜੀ ਵਲੋਂ ਲੋ... ਅਗਲੀ ਖ਼ਬਰ 01-08-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।