ਅੰਮ੍ਰਿਤਸਰ, 31 ਜੁਲਾਈ (ਰੇਸ਼ਮ ਸਿੰਘ)-ਇਥੇ ਬਟਾਲਾ ਰੋਡ ਵਿਖੇ ਸ਼ਾਮ ਵੇਲੇ ਇਕ ਕਾਰ ਪਲਟ ਗਈ ਜਿਸ ਕਾਰਨ ਇਕ ਆਟੋ ਰਿਕਸ਼ਾ ਵੀ ਕਾਰ ਦੀ ਲਪੇਟ ‘ਚ ਆ ਕੇ ਪਲਟ ਗਿਆ ਅਤੇ ਇਸ ‘ਚ ਸਵਾਰ ਡਰਾਇਵਰ, 2 ਔਰਤਾਂ ਤੇ ਇਕ ਬੱਚਾ ਵੀ ਜ਼ਖ਼ਮੀ ਹੋ ਗਿਆ। ਇਹ ਘਟਨਾ ਇਥੇ ਬਟਾਲਾ ਰੋਡ ਦੇ ਪਿਲਰ ਨੰਬਰ 106 ਦੇ ਕੋਲ ਜੁਡੀਓ ਸ਼ੋਅ ਰੂਮ ਨੇੜੇ ਵਾਪਰੀ। ਇਥੇ ਇਕ ਕਾਰ ਨੇ ਪਹਿਲਾਂ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਤੇ ਉਸ ਤੋਂ ਬਾਅਦ ਹੋਰਾਂ ਵਾਹਨਾਂ ਨੂੰ ਵੀ ਟੱਕਰ ਮਾਰ ਦਿੱਤੀ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਕਾਰ ਦੀ ਸਪੀਡ ਬਹੁਤ ਤੇਜ਼ ਸੀ ਤੇ ਉਹ ਬੇਕਾਬੂ ਹੋ ਕੇ ਪਲਟ ਗਈ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਕਾਰ ਡਰਾਇਵਰ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਸਥਾਨਕ ਲੋਕਾਂ ਵਲੋਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।