JALANDHAR WEATHER

ਮਿੱਡੂਖੇੜਾ ਵਿਚ ਪੁਰਾਣੀ ਰੰਜਿਸ਼ ਤਹਿਤ ਹਮਲੇ ‘ਚ ਜ਼ਖ਼ਮੀ ਨੌਜਵਾਨ ਦੀ ਮੌਤ

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 27 ਜੁਲਾਈ (ਇਕਬਾਲ ਸਿੰਘ ਸ਼ਾਂਤ)- ਪਿੰਡ ਮਿੱਡੂਖੇੜਾ ਵਿਖੇ ਕੱਲ੍ਹ ਦੇਰ ਸ਼ਾਮ ਜਾਨਲੇਵਾ ਹਮਲੇ ਵਿਚ ਗੰਭੀਰ ਜ਼ਖ਼ਮੀ ਹੋਏ ਕਰੀਬ 21 ਸਾਲਾਂ ਸੰਦੀਪ ਉਰਫ਼ ਬਬਲੂ ਪੁੱਤਰ ਗੋਰਾ ਸਿੰਘ ਦੀ ਏਮਜ਼ ਬਠਿੰਡਾ ਵਿਚ ਅੱਜ ਇਲਾਜ ਦੌਰਾਨ ਮੌਤ ਹੋ ਗਈ। ਸੰਦੀਪ ਫਰਸ਼ੀ ਟਾਈਲਾਂ ਦਾ ਮਿਸਤਰੀ ਸੀ। ਪਰਿਵਾਰ ਨੇ ਹੱਤਿਆ ਪਿੱਛੇ ਪੁਰਾਣੀ ਰੰਜਿਸ਼ ਅਤੇ ਕਥਿਤ ਸਿਆਸੀ ਸ਼ਹਿ ਦੇ ਦੋਸ਼ ਲਗਾਏ ਹਨ। ਹਾਲਾਂਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖ਼ਮੀ ਦੀ ਮੌਤ ਤੋਂ ਬਾਅਦ ਡੀ.ਐਸ.ਪੀ. (ਡੀ) ਰਛਪਾਲ ਸਿੰਘ, ਡੀ.ਐਸ.ਪੀ. ਲੰਬੀ ਹਰਬੰਸ ਸਿੰਘ ਅਤੇ ਥਾਣਾ ਕਿੱਲਿਆਂਵਾਲੀ (ਆਰਜੀ) ਦੀ ਮੁਖੀ ਕਰਮਜੀਤ ਕੌਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਪੁਲਿਸ ਨੇ ਮੌਕੇ ਤੋਂ ਸ਼ੱਕੀ ਡਾਂਗਾਂ ਅਤੇ ਸੋਟੇ ਬਰਾਮਦ ਕੀਤੇ ਹਨ।

ਘਟਨਾ ਮੁਤਾਬਕ ਕੱਲ੍ਹ ਦੇਰ ਸ਼ਾਮ ਸੰਦੀਪ ਉਰਫ਼ ਬਬਲੂ ਪਿੰਡ ਦੀ ਇੱਕ ਢਾਣੀ ਵਿੱਚ ਕੰਮ ਸਬੰਧੀ ਮੋਟਰਸਾਈਕਲ 'ਤੇ ਗਿਆ ਸੀ। ਵਾਪਸੀ ਸਮੇਂ ਹਾਕੂਵਾਲਾ ਰੋਡ 'ਤੇ ਨਹਿਰ ਦੇ ਪੁਲ ਕੋਲ ਕਈ ਮੋਟਰਸਾਈਕਲ ਸਵਾਰਾਂ ਨੇ ਉਸਨੂੰ ਘੇਰ ਲਿਆ। ਦੋਸ਼ ਹੈ ਕਿ ਹਮਲਾਵਰਾਂ ਨੇ ਡਾਂਗਾਂ ਤੇ ਰਾਡਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਸਦੀ ਛਾਤੀ, ਬਾਹਾਂ ਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ।

ਜ਼ਖ਼ਮੀ ਨੂੰ ਪਹਿਲਾਂ ਸਿਵਲ ਹਸਪਤਾਲ ਬਾਦਲ ਲਿਜਾਇਆ ਗਿਆ, ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਏਮਜ਼ ਬਠਿੰਡਾ ਰੈਫਰ ਕੀਤਾ ਗਿਆ, ਜਿੱਥੇ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਬਬਲੂ ਦੀ ਹੱਤਿਆ ਪਿਛੇ ਰੰਜਿਸ਼ ਕਾਰਨ ਮੌਜੂਦਾ ਪੰਚ ਆਤੇ ਉਸਦੇ ਸਾਥੀਆਂ ਦਾ ਕਥਿਤ ਹੱਥ ਹੈ।ਪਹਿਲਾਂ ਵੀ ਸੰਦੀਪ ਦੇ ਭਰਾ ਲਵਪ੍ਰੀਤ ਨੂੰ ਜਖਮੀ ਕਰ ਦਿੱਤਾ ਗਿਆ ਸੀ, ਪਰ ਸੁਣਵਾਈ ਦੀ ਜਗ੍ਹਾ ਬਜਾਏ ਉਲਟਾ ਉਨ੍ਹਾਂ 'ਤੇ ਕਾਰਵਾਈ ਕਰ ਦਿੱਤੀ ਗਈ ਸੀ। ਘਟਨਾ ਤੋਂ ਪਹਿਲਾਂ ਹੀ ਮੁਲਜਮਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਦੋਸ਼ ਲਗਾਇਆ ਕਿ ਸੰਦੀਪ ਉਰਫ਼ ਬਬਲੂ ਦੀ ਪੁਰਾਣੀ ਰੰਜਿਸ਼ ਕਾਰਨ ਹੱਤਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸ਼ਹਿ ਹੇਠ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੜਤਾਲ ਕਰਕੇ ਸਖਤ ਕਾਰਵਾਈ ਕੀਤੀ ਜਾਵੇ।

ਥਾਣਾ ਕਿੱਲਿਆਂਵਾਲੀ (ਆਰਜੀ) ਦੀ ਮੁਖੀ ਕਰਮਜੀਤ ਕੌਰ ਨੇ ਦੱਸਿਆ ਕਿ ਮੁੱਢਲੀ ਜਾਂਚ ਅਤੇ ਮ੍ਰਿਤਕ ਨਾਲ ਮੋਟਰਸਾਈਕਲ 'ਤੇ ਮੌਜੂਦ ਦੂਜੇ ਵਿਅਕਤੀ ਦੇ ਬਿਆਨਾਂ ਮੁਤਾਬਕ ਹਮਲਾਵਰ ਅਣਪਛਾਤੇ ਸਨ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਪੰਚਾਇਤ ਮੈਂਬਰ ਦੀ ਸਪੱਸ਼ਟ ਸ਼ਮੂਲੀਅਤ ਸਾਹਮਣੇ ਨਹੀਂ ਆਈ। ਮੌਕੇ ਤੋਂ ਡਾਂਗਾਂ ਤੇ ਸੋਟੇ ਬਰਾਮਦ ਕੀਤੇ ਗਏ ਹਨ, ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ