ਜ਼ੀਰਕਪੁਰ ਇਕਾਈ ਦਾ ਕੀਤਾ ਗਠਨ, ਵਿਧਾਇਕ ਕੁਲਜੀਤ ਰੰਧਾਵਾ ਸਮੇਤ ਤਿੰਨਾਂ ਨਗਰ ਕੌਂਸਲਾਂ ਦੇ ਪ੍ਰਧਾਨ ਸਨਮਾਨਿਤ
ਡੇਰਾਬੱਸੀ (ਮੋਹਾਲੀ), 21 ਜੁਲਾਈ- ਆਲ ਇੰਡੀਆ ਜਮਾਤ-ਏ-ਸਲਮਾਨੀ ਬਿਰਾਦਰੀ (ਰਜਿ.) ਪੰਜਾਬ ਵਲੋਂ ਤਹਿਸੀਲ ਰੋਡ ਸਥਿਤ ਕਮਿਊਨਿਟੀ ਸੈਂਟਰ ਵਿਚ ਸਨਮਾਨ ਸਮਾਗਮ ਅਤੇ ਟੀਮ ਗਠਨ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਵਿਚ 200 ਤੋਂ ਵੱਧ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਸਮਾਜ ਦੀ ਏਕਤਾ, ਸਿੱਖਿਆ, ਤਰੱਕੀ ਅਤੇ ਸਮਾਜਿਕ ਸੇਵਾ ਦਾ ਸੰਦੇਸ਼ ਦਿੱਤਾ।
ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਕੌਮੀ ਪ੍ਰਧਾਨ ਹਾਜੀ ਖੁਰਸ਼ੀਦ ਸਲਮਾਨੀ ਨੇ ਕੀਤੀ, ਜਦਕਿ ਕੌਮੀ ਜਨਰਲ ਸਕੱਤਰ ਆਕਿਬ ਜਾਵੇਦ ਸਲਮਾਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪੰਜਾਬ ਪ੍ਰਧਾਨ ਇਰਫਾਨ ਅਲੀ ਸਲਮਾਨੀ ਅਤੇ ਪੰਜਾਬ ਜਨਰਲ ਸਕੱਤਰ ਮੁਨੀਰ ਹਸਨ ਸਲਮਾਨੀ ਨੇ ਸਮਾਗਮ ਦੀ ਕਾਰਵਾਈ ਚਲਾਉਂਦਿਆਂ ਬਿਰਾਦਰੀ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਦਾ ਸੱਦਾ ਦਿੱਤਾ।
ਪੰਜਾਬ ਸਰਕਾਰ ਦੇ ਮੁਸਲਿਮ ਡਿਵੈਲਪਮੈਂਟ ਬੋਰਡ ਨਾਲ ਸਬੰਧਤ ਅਬਦੁਲ ਬਾਰੀ ਸਲਮਾਨੀ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਤਰੱਕੀ ਲਈ ਸਿੱਖਿਆ ਅਤੇ ਮਜ਼ਬੂਤ ਸੰਗਠਨ ਸਭ ਤੋਂ ਵੱਧ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸੰਗਠਿਤ ਸਮਾਜ ਹੀ ਆਪਣੇ ਅਧਿਕਾਰਾਂ ਲਈ ਪ੍ਰਭਾਵਸ਼ਾਲੀ ਆਵਾਜ਼ ਬੁਲੰਦ ਕਰ ਸਕਦਾ ਹੈ ਅਤੇ ਵਿਕਾਸ ਦੀ ਦਿਸ਼ਾ ਵਿੱਚ ਅੱਗੇ ਵਧ ਸਕਦਾ ਹੈ।
ਸਮਾਗਮ ਦੌਰਾਨ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨਗਰ ਕੌਂਸਲ ਡੇਰਾਬੱਸੀ ਦੀ ਪ੍ਰਧਾਨ ਆਸ਼ੂ ਉਪਨੇਜਾ, ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਅਤੇ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਜੋਰਾਵਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦਾ ਮੁੱਖ ਆਕਰਸ਼ਣ ਆਲ ਇੰਡੀਆ ਜਮਾਤ-ਏ-ਸਲਮਾਨੀ ਬਿਰਾਦਰੀ ਦੀ ਜ਼ੀਰਕਪੁਰ ਇਕਾਈ ਦਾ ਗਠਨ ਰਿਹਾ। ਅਹੁਦੇਦਾਰਾਂ ਨੇ ਦੱਸਿਆ ਕਿ ਨਵੀਂ ਟੀਮ ਸਮਾਜ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ, ਬੱਚਿਆਂ ਦੀ ਸਿੱਖਿਆ ਲਈ ਸਹਿਯੋਗ ਦੇਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸੰਸਥਾ ਨਾਲ ਜੋੜਨ ਲਈ ਕੰਮ ਕਰੇਗੀ।
ਜ਼ੀਰਕਪੁਰ ਤੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਅਤੇ ਦਿੱਲੀ ਸਰਕਾਰ ਵਿਚ ਵੱਖ-ਵੱਖ ਅਹੁਦਿਆਂ ’ਤੇ ਰਹਿ ਚੁੱਕੇ ਸਲੀਮ ਚੌਧਰੀ ਨੇ ਵੀ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਸਲਮਾਨੀ ਸਮਾਜ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਬਿਰਾਦਰੀ ਦੇ ਨਾਲ ਖੜ੍ਹੇ ਹਨ ਅਤੇ ਜਿੱਥੇ ਵੀ ਉਨ੍ਹਾਂ ਦੀ ਲੋੜ ਪਵੇਗੀ, ਉਹ ਪੂਰਾ ਸਹਿਯੋਗ ਦੇਣਗੇ।
ਇਸ ਮੌਕੇ ਜਾਨੂ ਸਲਮਾਨੀ, ਉਮੇਦ ਸਲਮਾਨੀ, ਫੁਰਕਾਨ ਸਲਮਾਨੀ, ਇਰਫਾਨ ਅਹਿਮਦ ਸਲਮਾਨੀ, ਅਕਬਰ ਸਲਮਾਨੀ, ਰਹੀਸ ਸਲਮਾਨੀ, ਮੇਹਤਾਬ ਸਲਮਾਨੀ, ਸੋਹੇਲ ਸਲਮਾਨੀ, ਸਲਮਾਨ ਸਲਮਾਨੀ ਖੰਨਾ ਅਤੇ ਜੀਸ਼ਾਨ ਸਲਮਾਨੀ ਸਮੇਤ ਹੋਰ ਅਹੁਦੇਦਾਰ ਮੌਜੂਦ ਰਹੇ। ਡੇਰਾਬੱਸੀ ਇਕਾਈ ਦੇ ਪ੍ਰਧਾਨ ਅਹਿਸਾਨ ਸਲਮਾਨੀ ਆਪਣੀ ਟੀਮ ਸਮੇਤ ਹਾਜ਼ਰ ਹੋਏ, ਜਦਕਿ ਜ਼ੀਰਕਪੁਰ ਪ੍ਰਧਾਨ ਪਰਵੇਜ਼ ਸਲਮਾਨੀ, ਇਰਸ਼ਾਦ ਸਲਮਾਨੀ, ਚੰਡੀਗੜ੍ਹ ਤੋਂ ਹਾਜੀ ਰਹੀਸ ਸਲਮਾਨੀ ਅਤੇ ਇਰਫਾਨ ਸਲਮਾਨੀ ਉਰਫ਼ ਕਾਲਾ ਨੇ ਵੀ ਸਮਾਗਮ ਵਿੱਚ ਹਿੱਸਾ ਲਿਆ।
ਸਮਾਗਮ ਦੇ ਅੰਤ ਵਿਚ ਸਮਾਜ ਦੀ ਏਕਤਾ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ ਗਿਆ। ਇਸ ਦੇ ਨਾਲ ਹੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਸੰਸਥਾ ਨਾਲ ਜੋੜਨ ਅਤੇ ਭਵਿੱਖ ਵਿਚ ਸਿੱਖਿਆ, ਸਿਹਤ ਅਤੇ ਸਮਾਜਿਕ ਭਲਾਈ ਨਾਲ ਸਬੰਧਤ ਪ੍ਰੋਗਰਾਮ ਕਰਵਾਉਣ ’ਤੇ ਸਹਿਮਤੀ ਪ੍ਰਗਟਾਈ ਗਈ।
;
;
;
;
;
;
;
;