JALANDHAR WEATHER

ਬਲਟਾਣਾ ਫਰਨੀਚਰ ਮਾਰਕੀਟ 'ਚ ਮੁੜ ਲੱਗੀ ਅੱਗ

ਜ਼ੀਰਕਪੁਰ (ਮੋਹਾਲੀ), 20 ਜੁਲਾਈ- ਬਲਟਾਣਾ ਦੀ ਮਸ਼ਹੂਰ ਫ਼ਰਨੀਚਰ ਮਾਰਕੀਟ ਵਿਚ ਐਤਵਾਰ ਨੂੰ ਦੋ ਦੁਕਾਨਾਂ ਦੇ ਵਿਚਕਾਰ ਸਥਿਤ ਇਕ ਖਾਲੀ ਪਲਾਟ ਵਿਚ ਪਏ ਪੁਰਾਣੇ ਸੋਫਿਆਂ ਅਤੇ ਹੋਰ ਫਰਨੀਚਰ ਦੇ ਸਮਾਨ ਨੂੰ ਅਚਾਨਕ ਅੱਗ ਲੱਗ ਗਈ। ਕੁਝ ਹੀ ਮਿੰਟਾਂ ਵਿਚ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਕਾਲੇ ਧੂੰਏਂ ਨੇ ਪੂਰੀ ਮਾਰਕੀਟ ਨੂੰ ਆਪਣੀ ਚਪੇਟ ਵਿਚ ਲੈ ਲਿਆ। ਧੂੰਆ ਇੰਨਾ ਜ਼ਿਆਦਾ ਸੀ ਕਿ ਦੁਕਾਨਦਾਰਾਂ, ਗਾਹਕਾਂ ਅਤੇ ਰਾਹਗੀਰਾਂ ਨੂੰ ਸਾਹ ਲੈਣ ਵਿਚ ਵੀ ਦਿੱਕਤ ਆਉਣ ਲੱਗੀ, ਜਿਸ ਕਾਰਨ ਇਲਾਕੇ ਵਿਚ ਹੜਕੰਪ ਮਚ ਗਿਆ।

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਆਪਣੇ ਪੱਧਰ 'ਤੇ ਪਾਣੀ ਦੀਆਂ ਬਾਲਟੀਆਂ ਅਤੇ ਪਾਈਪਾਂ ਰਾਹੀਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਸਮੇਂ ਸਿਰ ਕਾਰਵਾਈ ਹੋਣ ਕਾਰਨ ਅੱਗ ਨੇੜਲੀਆਂ ਦੁਕਾਨਾਂ ਤੱਕ ਨਹੀਂ ਫੈਲ ਸਕੀ ਅਤੇ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ।

ਸਥਾਨਕ ਵਪਾਰੀਆਂ ਦਾ ਕਹਿਣਾ ਹੈ ਕਿ ਬਲਟਾਣਾ ਫਰਨੀਚਰ ਮਾਰਕੀਟ ਵਿਚ ਅੱਗ ਲੱਗਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਮਾਰਕੀਟ ਵਿਚ ਖਾਲੀ ਪਲਾਟਾਂ ਵਿਚ ਪੁਰਾਣਾ ਫਰਨੀਚਰ, ਲੱਕੜ, ਫੋਮ ਅਤੇ ਹੋਰ ਜਲਣਸ਼ੀਲ ਸਮਾਨ ਪਿਆ ਰਹਿੰਦਾ ਹੈ, ਜਿਸ ਕਾਰਨ ਹਮੇਸ਼ਾ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ।

ਵਪਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਰਕੀਟ ਦਾ ਫਾਇਰ ਸੇਫਟੀ ਆਡਿਟ ਕਰਵਾਇਆ ਜਾਵੇ, ਖਾਲੀ ਪਲਾਟਾਂ ਵਿਚ ਪਿਆ ਜਲਣਸ਼ੀਲ ਸਮਾਨ ਤੁਰੰਤ ਹਟਾਇਆ ਜਾਵੇ ਅਤੇ ਅੱਗ ਤੋਂ ਬਚਾਅ ਲਈ ਪੱਕੇ ਪ੍ਰਬੰਧ ਕੀਤੇ ਜਾਣ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ