ਲੁਧਿਆਣਾ ਪੁਲਿਸ ਦਾ ਨਸ਼ਾ ਤਸਕਰਾਂ 'ਤੇ ਵੱਡਾ ਵਾਰ, ਪਤੀ-ਪਤਨੀ ਸਮੇਤ 3 ਕਾਬੂ, 75 ਲੱਖ ਦੀ ਹੈਰੋਇਨ
ਲੁਧਿਆਣਾ, 21 ਜੁਲਾਈ (ਪ੍ਰਦੀਪ ਭੰਡਾਰੀ)- ਲੁਧਿਆਣਾ ਪੁਲਿਸ ਨੇ ਨਸ਼ਾ ਤਸਕਰੀ ਦੇ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਜਮਾਲਪੁਰ ਦੀ ਪੁਲਿਸ ਨੇ ਇਕ ਮਹਿਲਾ ਸਮੇਤ ਤਿੰਨ ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 150 ਗ੍ਰਾਮ ਹੈਰੋਇਨ, ਬੈਂਕ ਖਾਤਿਆਂ ਵਿਚੋਂ 9 ਲੱਖ 13 ਹਜ਼ਾਰ ਰੁਪਏ ਦੀ ਡਰੱਗ ਮਨੀ, 10 ਹਜ਼ਾਰ ਰੁਪਏ ਨਕਦ ਅਤੇ 15 ਮੋਬਾਈਲ ਫੋਨ ਬਰਾਮਦ ਕੀਤੇ ਹਨ। ਸੂਤਰਾਂ ਅਨੁਸਾਰ ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 75 ਲੱਖ ਰੁਪਏ ਦੱਸੀ ਜਾ ਰਹੀ ਹੈ।
ਏ.ਸੀ.ਪੀ. ਇੰਦਰਜੀਤ ਬੋਪਾਰਾਏ ਨੇ ਦੱਸਿਆ ਕਿ ਇੰਸਪੈਕਟਰ ਪ੍ਰਮੋਦ ਰਾਜ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮੁਖਬਰੀ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਮੋਟਰਸਾਈਕਲ 'ਤੇ ਆ ਰਹੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ। ਜਾਂਚ ਦੌਰਾਨ ਉਨ੍ਹਾਂ ਕੋਲੋਂ ਹੈਰੋਇਨ, ਡਰੱਗ ਮਨੀ ਅਤੇ ਕਈ ਮੋਬਾਈਲ ਫੋਨ ਬਰਾਮਦ ਹੋਏ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਨਸੀਮ, ਸਨੀ ਜੈਸਵਾਲ ਅਤੇ ਸ਼ਿਖਾ ਜੈਸਵਾਲ ਵਜੋਂ ਹੋਈ ਹੈ। ਪੁਲਿਸ ਮੁਤਾਬਕ ਸਨੀ ਅਤੇ ਸ਼ਿਖਾ ਆਪਸ ਵਿਚ ਪਤੀ-ਪਤਨੀ ਹਨ ਅਤੇ ਤਿੰਨੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੇ ਹੋਏ ਸਨ।
ਪੁਲਿਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਨਸ਼ਾ ਵੇਚਣ ਤੋਂ ਬਾਅਦ ਗਾਹਕਾਂ ਤੋਂ ਪੈਸੇ ਯੂਪੀਆਈ ਰਾਹੀਂ ਆਪਣੇ ਬੈਂਕ ਖਾਤਿਆਂ ਵਿੱਚ ਮੰਗਵਾਉਂਦੇ ਸਨ। ਜਿਨ੍ਹਾਂ ਨਸ਼ਾ ਕਰਨ ਵਾਲਿਆਂ ਕੋਲ ਪੈਸੇ ਨਹੀਂ ਹੁੰਦੇ ਸਨ, ਉਨ੍ਹਾਂ ਤੋਂ ਮੋਬਾਈਲ ਫੋਨ ਜਾਂ ਹੋਰ ਕੀਮਤੀ ਸਮਾਨ ਗਹਿਣੇ ਵਜੋਂ ਰੱਖ ਕੇ ਨਸ਼ਾ ਦਿੱਤਾ ਜਾਂਦਾ ਸੀ।
ਏ.ਸੀ.ਪੀ. ਨੇ ਦੱਸਿਆ ਕਿ ਸਨੀ ਜੈਸਵਾਲ ਅਤੇ ਮੁਹੰਮਦ ਨਸੀਮ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਚੋਰੀ ਦੇ ਕਈ ਮਾਮਲੇ ਦਰਜ ਹਨ। ਪੁਲਿਸ ਹੁਣ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਅਤੇ ਨਸ਼ੇ ਦੀ ਸਪਲਾਈ ਚੇਨ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
;
;
;
;
;
;
;
;