21-07-26
ਮੇਰਾ ਨਜ਼ਰੀਆ
ਪਿਛਲੇ ਦਿਨੀਂ 'ਅਜੀਤ' ਵਿਚ ਨਵਦੀਪ ਸਿੰਘ ਝੁਨੀਰ ਦਾ ਪ੍ਰਕਾਸ਼ਿਤ ਲੇਖ 'ਮਿਸ਼ਨਰੀ ਨੂੰ ਨਾਸਤਿਕ ਬਣਾਉਣ ਵਾਲਾ ਰਹੱਸਮਈ ਕਬੀਲਾ' ਪੜ੍ਹਿਆ। ਇਕ ਬੀ.ਐੱਡ ਵਿਦਿਆਰਥੀ ਹੋਣ ਦੇ ਨਾਤੇ, ਮੇਰਾ ਧਿਆਨ ਇਸ ਦੇ ਭਾਸ਼ਾ ਵਿਗਿਆਨ ਅਤੇ ਮਨੋਵਿਗਿਆਨਕ ਪੱਖ ਨੇ ਖਿੱਚਿਆ ਹੈ। ਅਸੀਂ ਸਿਲੇਬਸ ਵਿਚ ਨੇਮ ਚੌਮਸਕੀ ਦਾ 'ਯੂਨੀਵਰਸਿਟੀ ਗ੍ਰਾਮਰ ਸਿਧਾਂਤ ਪੜ੍ਹਦੇ ਹਾਂ, ਪਰ ਪਿਰਾਹਾ ਭਾਸ਼ਾ ਵਲੋਂ ਇਸ ਨੂੰ ਚੁਣੌਤੀ ਦੇਣਾ ਇਹ ਸਾਬਤ ਕਰਦਾ ਹੈ ਕਿ ਮਨੁੱਖੀ ਸਿੱਖਣ-ਪ੍ਰਕਿਰਿਆ ਕਿਸੇ ਇਕ ਤੈਅ ਢਾਂਚੇ ਦੀ ਗੁਲਾਮ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ ਇਹ ਲੇਖ ਸਾਡੀ ਮੌਜੂਦਾ ਸਿੱਖਿਆ ਪ੍ਰਣਾਲੀ 'ਤੇ ਵੀ ਸਵਾਲ ਖੜ੍ਹਾ ਕਰਦਾ ਹੈ। ਅਸੀਂ ਸਕੂਲਾਂ ਵਿਚ ਬੱਚਿਆਂ ਨੂੰ ਭਵਿੱਖ ਦੀ ਅੰਨ੍ਹੀ ਦੌੜ ਵਿਚ ਪਾ ਕੇ ਤਣਾਅਗ੍ਰਸਤ ਕਰ ਰਹੇ ਹਾਂ, ਜਦਕਿ ਇਹ ਕਬੀਲਾ ਬਿਨਾਂ ਕਿਤਾਬਾਂ ਤੋਂ ਸਿਰਫ਼ 'ਤਤਕਾਲ ਅਨੁਭਵ' ਰਾਹੀਂ ਸਿੱਖ ਕੇ ਸਾਡੇ ਨਾਲੋਂ ਕਿਤੇ ਵੱਧ ਖੁਸ਼ ਹੈ। ਇਹ ਲੇਖ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਕੀ ਸਾਡੀ ਸਿੱਖਿਆ ਬੱਚਿਆਂ ਨੂੰ ਅਸਲ ਜ਼ਿੰਦਗੀ ਜਿਉਣਾ ਸਿਖਾ ਰਹੀ ਹੈ ਜਾਂ ਸਿਰਫ਼ ਕੱਲ੍ਹ ਦੀ ਚਿੰਤਾ ਵਿਚ ਆਪਣੇ ਅੱਜ ਨੂੰ ਗੁਆ ਰਹੀ ਹੈ। ਅਜਿਹੇ ਖੋਜ ਭਰਪੂਰ ਵਿਸ਼ੇ ਨੂੰ ਪੰਜਾਬੀ ਵਿਚ ਪੇਸ਼ ਕਰਨ ਲਈ ਅਦਾਰਾ ਅਤੇ ਲੇਖਕ ਦਾ ਧੰਨਵਾਦ।
-ਜਸਕਰਨ ਸਿੰਘ ਕਮਾਣਾ
ਜ਼ਿਲ੍ਹਾ ਫਤਿਹਾਬਾਦ, ਹਰਿਆਣਾ।
ਅਧਿਆਪਕਾਂ ਤੋਂ ਗ਼ੈਰ-ਵਿੱਦਿਅਕ ਕੰਮ ਕਿਉਂ
ਅਧਿਆਪਕਾਂ ਦੀਆਂ ਗ਼ੈਰ-ਵਿੱਦਿਅਕ ਕੰਮਾਂ ਦੀਆਂ ਡਿਊਟੀਆਂ ਵਧ ਰਹੀਆਂ ਹਨ। ਅਧਿਆਪਕ ਨੂੰ ਸਮਾਜ ਦਾ ਨਿਰਮਾਤਾ ਕਿਹਾ ਜਾਂਦਾ ਹੈ। ਉਸ ਦਾ ਮੁੱਖ ਕੰਮ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇ ਕੇ ਉਨ੍ਹਾਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਪਰ ਅੱਜਕੱਲ੍ਹ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਸਿਰ ਗ਼ੈਰ-ਵਿੱਦਿਅਕ ਕੰਮਾਂ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਕਾਰਨ ਸਿੱਖਿਆ ਦਾ ਮਿਆਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਅਧਿਆਪਕਾਂ ਨੂੰ ਪੜ੍ਹਾਉਣ ਦੀ ਬਜਾਏ ਅਜਿਹੇ ਕੰਮਾਂ ਵਿਚ ਲਗਾਇਆ ਜਾਂਦਾ ਹੈ, ਜਿਨ੍ਹਾਂ ਦਾ ਪੜ੍ਹਾਈ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ। ਉਨ੍ਹਾਂ ਦੀਆਂ ਡਿਊਟੀਆਂ ਚੋਣਾਂ ਕਰਵਾਉਣ, ਵੋਟਰ ਸੂਚੀਆਂ ਤਿਆਰ ਕਰਨ, ਮਰਦਮਸ਼ੁਮਾਰੀ ਜਨਗਣਨਾ ਕਰਨ, ਐਸ.ਆਈ.ਆਰ. ਅਤੇ ਵੱਖ-ਵੱਖ ਸਰਕਾਰੀ ਸਰਵੇਖਣਾਂ ਵਿਚ ਲਗਾਈਆਂ ਜਾਂਦੀਆਂ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਸਕੂਲਾਂ ਵਿਚ ਅਧਿਆਪਕਾਂ ਦੀ ਪਹਿਲਾਂ ਹੀ ਘਾਟ ਹੈ ਪਰ ਫਿਰ ਵੀ ਕਈ ਅਧਿਆਪਕਾਂ ਨੂੰ ਸਬ ਡਵੀਜ਼ਨ ਮੈਜਿਸਟ੍ਰੇਟ ਦਫਤਰਾਂ, ਤਹਿਸੀਲਾਂ ਜਾਂ ਚੋਣ ਦਫਤਰਾਂ ਵਿਚ 6-6 ਮਹੀਨਿਆਂ ਲਈ ਡਿਊਟੀ 'ਤੇ ਲਗਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਕੂਲਾਂ ਵਿਚ ਮਿਡ-ਡੇ-ਮੀਲ ਦਾ ਹਿਸਾਬ-ਕਿਤਾਬ ਰੱਖਣਾ, ਮੁਫ਼ਤ ਕਿਤਾਬਾਂ ਤੇ ਵਰਦੀਆਂ ਦੀ ਵੰਡ ਅਤੇ ਰੋਜ਼ਾਨਾ ਅਣਗਿਣਤ ਡਾਟਾ ਆਨਲਾਈਨ ਅਪਲੋਡ ਕਰਨਾ ਵੀ ਅਧਿਆਪਕਾਂ ਦੇ ਹਿੱਸੇ ਆਉਂਦਾ ਹੈ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਛੁੱਟੀ ਵਾਲੇ ਦਿਨ ਵੀ ਸਕੂਲਾਂ ਵਿਚ ਆਉਣ ਦਾ ਹੁਕਮ ਦੇ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਪੰਜਾਬ ਸਰਕਾਰ ਸੱਚਮੁੱਚ ਸਿੱਖਿਆ ਪ੍ਰਣਾਲੀ ਵਿਚ ਕ੍ਰਾਂਤੀ ਲਿਆਉਣੀ ਚਾਹੁੰਦੀ ਹੈ ਤਾਂ ਅਧਿਆਪਕਾਂ ਨੂੰ ਇਨ੍ਹਾਂ ਗ਼ੈਰ-ਵਿੱਦਿਅਕ ਡਿਊਟੀਆਂ ਤੋਂ ਤੁਰੰਤ ਮੁਕਤ ਕਰਨਾ ਪਵੇਗਾ। ਪ੍ਰਸ਼ਾਸਨਿਕ ਕੰਮਾਂ ਲਈ ਵੱਖਰੇ ਤੌਰ 'ਤੇ ਕਲਰਕ ਜਾਂ ਡਾਟਾ ਐਂਟਰੀ ਆਪ੍ਰੇਟਰ ਭਰਤੀ ਕੀਤੇ ਜਾਣੇ ਚਾਹੀਦੇ ਹਨ। ਅਧਿਆਪਕਾਂ ਦਾ ਸਥਾਨ ਐਸ.ਡੀ.ਐਮ. ਦਫਤਰ ਨਹੀਂ, ਬਲਕਿ ਸਕੂਲ ਦੀ ਜਮਾਤ ਹੋਣੀ ਚਾਹੀਦੀ ਹੈ।
-ਪਵਨ ਗੁਪਤਾ
ਮੰਡੀ ਅਹਿਮਦਗੜ੍ਹ (ਮਲੇਰਕੋਟਲਾ)।
ਸੱਚ ਨੂੰ ਬਿਆਨਦੀ 'ਸਤਲੁਜ'
ਇਸ ਵੇੇਲੇ 'ਸਤਲੁਜ' ਫਿਲਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਦੇ ਆਨਲਾਈਨ ਪ੍ਰਸਾਰਨ 'ਤੇ ਕੇਂਦਰ ਸਰਕਾਰ ਨੇ ਪਾਬੰਦੀ ਲਗਾ ਕੇ ਪਲੇਟਫਾਰਮ ਤੋਂ ਹਟਾ ਦਿੱਤਾ ਸੀ। ਫਿਲਮ 'ਚ ਜ਼ਿਆਦਾਤਰ ਦਿਖਾਏ ਗਏ ਘਟਨਾਕ੍ਰਮ ਤਤਕਾਲੀ ਕਾਂਗਰਸ ਸਰਕਾਰ ਨਾਲ ਜੁੜੇ ਹੋਏ ਹਨ। ਪੰਜਾਬ ਨੇ 1980 ਤੋਂ 1995 ਦੇ ਦਹਾਕਿਆਂ 'ਚ ਅਜਿਹਾ ਖ਼ੂਨੀ ਦੌਰ ਦੇਖਿਆ। ਉਨ੍ਹਾਂ ਵੇਲਿਆਂ ਵਿਚ ਹਜ਼ਾਰਾਂ ਬੇਗੁਨਾਹ ਨਾਗਰਿਕ, ਪੱਤਰਕਾਰ, ਅਧਿਆਪਕ, ਸਰਕਾਰੀ ਕਰਮਚਾਰੀ, ਧਰਾਮਿਕ ਆਗੂ, ਚੜ੍ਹਦੀ ਨੌਜਵਾਨੀ ਹਿੰਸਾ ਦਾ ਸ਼ਿਕਾਰ ਬਣੇ। ਉਨ੍ਹਾਂ ਵੇਲੇ ਖਾੜਕੂਵਾਦ ਸਿਖਰਾਂ 'ਤੇ ਸੀ। ਪੁਲਿਸ ਵਲੋਂ ਝੂਠੇ ਮੁਕਾਬਲਿਆਂ ਰਾਹੀਂ ਬੇਕਸੂਰ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ। ਪਿੰਡਾਂ ਤੇ ਸ਼ਹਿਰਾਂ ਵਿਚ ਡਰ ਦਾ ਮਾਹੌਲ ਸੀ। ਫਿਲਮ 'ਸਤਲੁਜ' ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ 'ਤੇ ਆਧਾਰਿਤ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਸੱਚ ਨੂੰ ਸਾਰਿਆਂ ਦੇ ਸਾਹਮਣੇ ਲਿਆਂਦਾ। ਪੁਲਿਸ ਉਤੇ ਨਿਹੱਥੇ ਸ਼ੱਕੀਆਂ ਨੂੰ ਝੂਠੇ ਮੁਕਾਬਲਿਆਂ 'ਚ ਮਾਰ ਕੇ ਇਨ੍ਹਾਂ ਕਤਲਾਂ ਨੂੰ ਛੁਪਾਉਣ ਲਈ ਹਜ਼ਾਰਾਂ ਲਾਸ਼ਾਂ ਦਾ ਸਸਕਾਰ ਕਰਨ ਦੇ ਦੋਸ਼ ਲੱਗੇ ਸਨ। 'ਸਤਲੁਜ' ਵਰਗੀਆਂ ਫਿਲਮਾਂ ਇਤਿਹਾਸ ਨੂੰ ਯਾਦ ਰੱਖਣ ਦੀ ਜ਼ਿੰਮੇਵਾਰੀ ਸਿਖਾਉਂਦੀਆਂ ਹਨ। ਜਸਵੰਤ ਸਿੰਘ ਖਾਲੜਾ ਨੇ ਸੱਚ 'ਤੇ ਪਹਿਰਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰੇ 'ਚ ਪਾ ਕੇ ਸੱਚ ਬੋਲਿਆ ਸੀ ਤੇ ਉਸ ਸੱਚ ਦੀ ਕੀਮਤ ਉਨ੍ਹਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਅਦਾ ਕੀਤੀ।
-ਸੰਜੀਵ ਸਿੰਘ ਸੈਣੀ
ਮੋਹਾਲੀ।
ਪੰਜਾਬ ਦੇ ਪ੍ਰਸਿੱਧ ਉਰਦੂ ਸ਼ਾਇਰ
ਹਰ ਐਤਵਾਰ ਨੂੰ 'ਅਜੀਤ' ਦੇ ਮੈਗਜ਼ੀਨ ਅੰਕ 'ਚ ਛਪਦੇ 'ਪੰਜਾਬ ਦੇ ਪ੍ਰਸਿੱਧ ਉਰਦੂ ਸ਼ਾਇਰ' ਲੜੀ ਦੇ ਕਾਲਮ ਇਹ ਨਾ-ਚੀਜ਼ ਪਿਛਲੇ ਤਿੰਨ ਕਾਲਮਾਂ ਤੋਂ ਪੜ੍ਹਦਾ ਆ ਰਿਹਾ ਹੈ। ਭਾਰਤੀ ਪੰਜਾਬ ਵਿਚ ਜਿਸ ਵਿਚ ਉਰਦੂ ਜ਼ੁਬਾਨ ਨੂੰ ਪੜ੍ਹਨ-ਸਮਝਣ ਵਾਲੇ ਬਹੁਤ ਘੱਟ ਹਨ, ਉਥੇ ਗੁਰਮੁਖੀ ਲਿਪੀ ਦੇ ਪੰਜਾਬੀ ਅਖ਼ਬਾਰ ਵਲੋਂ ਉਰਦੂ ਭਾਸ਼ਾ ਦੇ ਪੰਜਾਬੀ ਸ਼ਾਇਰਾਂ ਨੂੰ ਵੱਡੀ ਜਗ੍ਹਾ ਦੇਣੀ, ਬਿਨਾਂ ਸ਼ੱਕ ਇਕ ਮਿਆਰੀ ਤੇ ਕਾਬਲ-ਏ-ਤਾਰੀਫ਼ ਸੋਚ ਦਾ ਸਪੱਸ਼ਟ ਸਬੂਤ ਹੈ। ਅਸੀਂ ਪੰਜਾਬੀ ਲੋਕ ਆਪਣੀ ਮਾਂ-ਬੋਲੀ ਪੰਜਾਬੀ ਨੂੰ ਕਿੰਨਾ ਪਿਆਰ ਕਰਦੇ ਹਾਂ ਇਸ ਗੱਲ ਦਾ ਅੰਦਾਜ਼ਾ ਇਸ ਗੱਲੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਅਸੀਂ ਪੰਜਾਬੀ ਲੋਕ ਪੰਜਾਬ 'ਚ ਬੀਤੇ ਸਮੇਂ 'ਚ ਰਸੂਖ ਰੱਖਣ ਵਾਲੀ ਭਾਸ਼ਾ, ਉਸ ਦੇ ਸ਼ਾਇਰਾਂ ਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਦੇ ਹਾਂ। ਤੁਹਾਡੇ ਵਲੋਂ ਉਰਦੂ ਜ਼ੁਬਾਨ ਦੇ ਸ਼ਾਇਰਾਂ ਦਾ ਵਰਤਮਾਨ ਪੰਜਾਬੀ ਪੀੜ੍ਹੀ ਨਾਲ ਜਾਣ-ਪਹਿਚਾਣ ਕਰਵਾਉਣ ਦਾ ਹੰਭਲਾ ਬਿਨਾਂ ਸ਼ੱਕ ਆਪ ਦੇ ਉੱਚ-ਪੱਧਰੀ ਦਰਸ਼ਨੀ ਹੋਣ ਦਾ ਪ੍ਰਤੱਖ ਪ੍ਰਮਾਣ ਹੈ।
-ਮੁਹੰਮਦ ਸਾਕਿਬ ਅਜ਼ੀਮ
ਲੈਕਚਰਾਰ ਰਾਜਨੀਤੀ ਸ਼ਾਸਤਰ, ਸ.ਸ.ਸ.ਸ. ਹਥਨ, ਮਾਲੇਰਕੋਟਲਾ।