ਗੁੱਦੜ ਪੰਜ ਗਰਾਈਂ ਦੇ ਵਾਸੀ ਮਨਦੀਪ ਸਿੰਘ ਦੀ ਅਮਰੀਕਾ ’ਚ ਹੋਈ ਮੌਤ
ਪੰਜੇ ਕੇ ਉਤਾੜ (ਗੁਰੂਹਰਸਹਾਏ), 11 ਜੁਲਾਈ (ਪੱਪੂ ਸੰਧਾ/ ਹਰਚਰਨ ਸਿੰਘ ਸੰਧੂ)- ਅਮਰੀਕਾ ਵਿਖੇ ਰੋਜ਼ੀ ਰੋਟੀ ਕਮਾਉਣ ਗਏ ਹਲਕਾ ਗੁਰੂਹਰਸਹਾਏ ਦੇ ਪਿੰਡ ਗੁੱਦੜ ਪੰਜ ਗਰਾਈਂ (ਮੂਸੇ ਵਾਲਾ) ਦੇ ਵਾਸੀ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਭਰ ’ਚ ਸੋਗ ਦੀ ਲਹਿਰ ਫੈਲ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਗੁੱਦੜ ਪੰਜ ਗਰਾਈਂ (ਮੂਸੇ ਵਾਲਾ) ਉਮਰ ਕਰੀਬ 26-27 ਸਾਲ ਜੋ ਕਿ ਕਰੀਬ 4 ਸਾਲ ਪਹਿਲਾਂ ਅਮਰੀਕਾ ਗਿਆ ਹੋਇਆ ਸੀ, ਜਿੱਥੇ ਉਹ ਕੈਲੇਫੋਰਨੀਆ ’ਚ ਫੂਡ ਡਲਿਵਰੀ ਦਾ ਕੰਮ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਮਨਦੀਪ ਸਿੰਘ ਦੀ ਅਚਾਨਕ ਸਿਹਤ ਖ਼ਰਾਬ ਹੋਈ, ਜਿਸਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀਆ ਦੋ ਭੈਣਾਂ ਤੇ ਦੋ ਭਰਾ ਸੀ ਅਤੇ ਅਜੇ ਕੁਆਰਾ ਸੀ। ਪਰਿਵਾਰਕ ਮੈਂਬਰਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ ਤਾਂ ਕਿ ਉਹ ਉਸ ਦਾ ਆਖਰੀ ਵਾਰ ਮੂੰਹ ਵੇਖ ਸਕਣ।
;
;
;
;
;
;
;
;
;