JALANDHAR WEATHER

ਪਿਛਲੇ 2 ਮਹੀਨਿਆਂ ਤੋਂ ਲਾਪਤਾ ਪੁੱਤਰ ਦੀ ਭਾਲ ਲਈ ਦਰ ਦਰ ਭਟਕ ਰਿਹਾ ਹੈ ਪਰਿਵਾਰ

ਘੋਗਰਾ (ਹੁਸ਼ਿਆਰਪੁਰ), 11 ਜੁਲਾਈ (ਆਰ. ਐੱਸ. ਸਲਾਰੀਆ)- ਬਲਾਕ ਦਸੂਹਾ ਦੇ ਪਿੰਡ ਘੋਗਰਾ ਦਾ 18 ਸਾਲਾ ਨੌਜਵਾਨ ਕਰਨਦੀਪ ਸਿੰਘ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ ਹੈ। ਪਰਿਵਾਰ ਮਦਦ ਲਈ ਪਿਛਲੇ 2 ਮਹੀਨਿਆਂ ਤੋਂ ਥਾਣਾ ਦਸੂਹਾ ਦੇ ਗੇੜੇ ਮਾਰ ਰਿਹਾ ਹੈ। ਜਾਣਕਾਰੀ ਦਿੰਦਿਆਂ ਕਰਨਦੀਪ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਮੈਂ ਡਰਾਈਵਰੀ ਦਾ ਕੰਮ ਕਰਦਾ ਹਾਂ ਅਤੇ ਮੇਰਾ ਲੜਕਾ ਕਰਨਦੀਪ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ ਹੈ।

ਕਰਨਦੀਪ ਆਪਣੀ ਮਾਂ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਆਪਣੇ ਦੋਸਤਾਂ ਨਾਲ ਕੰਮ ਲਈ ਕਿਤੇ ਜਾ ਰਿਹਾ ਹੈ ਅਤੇ ਸਿਰਫ਼ 10 ਮਿੰਟਾਂ ਵਿਚ ਵਾਪਸ ਆ ਜਾਵੇਗਾ, ਪਰ ਅੱਜ ਦੋ ਮਹੀਨੇ ਬੀਤ ਚੁੱਕੇ ਹਨ ਅਤੇ ਕਰਨਦੀਪ ਵਾਪਸ ਨਹੀਂ ਆਇਆ। ਸ਼ਾਮ ਨੂੰ ਥਾਂ-ਥਾਂ ਭਾਲ ਕਰਨ ਤੋਂ ਬਾਅਦ ਅਸੀਂ ਥਾਣਾ ਦਸੂਹਾ ਵਿਖੇ ਸ਼ਿਕਾਇਤ ਦਰਜ ਕਰਵਾਈ। ਦਸੂਹਾ ਪੁਲਿਸ ਨੇ ਜਦੋਂ ਇਲਾਕੇ ਦੇ ਸੀ.ਸੀ.ਟੀ.ਵੀ. ਦੀ ਤਲਾਸ਼ੀ ਲਈ ਤਾਂ ਪਤਾ ਲੱਗਾ ਕਿ ਕਰਨਦੀਪ ਆਪਣੇ ਦੋਸਤਾਂ ਨਾਲ ਨਹਿਰ ਵੱਲ ਗਿਆ ਸੀ ਪਰ ਵਾਪਸੀ ’ਤੇ ਉਸ ਦੇ ਦੋਸਤ ਵਾਪਸ ਆ ਗਏ ਪਰ ਕਰਨਦੀਪ ਉਨ੍ਹਾਂ ਨਾਲ ਨਹੀਂ ਸੀ। ਦਸੂਹਾ ਪੁਲਿਸ ਨੇ ਦੋ ਦਿਨਾਂ ਤੱਕ ਗੋਤਾਖੋਰਾਂ ਨਾਲ ਨਹਿਰ ਦੀ ਭਾਲ ਕੀਤੀ ਪਰ ਕਰਨਦੀਪ ਦਾ ਕੋਈ ਸੁਰਾਗ ਨਹੀਂ ਮਿਲਿਆ।

ਪਿਤਾ ਦਾ ਕਹਿਣਾ ਹੈ ਕਿ ਹੁਣ ਪੁਲਿਸ ਵੀ ਕਰਨਦੀਪ ਨੂੰ ਲੱਭਣ ਵਿਚ ਸਹਿਯੋਗ ਨਹੀਂ ਕਰ ਰਹੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਕਰਨਦੀਪ ਦੇ ਦੋਸਤਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਕਰਨਦੀਪ ਨਾਲ ਕੀ ਹੋਇਆ ਸੀ। ਪਿਤਾ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨਾਲ ਕੁਝ ਅਣਸੁਖਾਵੀਂ ਘਟਨਾ ਵਾਪਰੀ ਹੈ। ਪਰਿਵਾਰ ਨੇ ਦਸੂਹਾ ਪੁਲੀਸ ਤੋਂ ਕਰਨਦੀਪ ਨੂੰ ਲੱਭਣ ਵਿਚ ਮਦਦ ਕਰਨ ਦੀ ਮੰਗ ਕੀਤੀ ਹੈ।

ਜਾਂਚ ਅਧਿਕਾਰੀ ਸਭ ਇੰਸਪੈਕਟਰ ਗੁਰਬਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਨਦੀਪ ਸਿੰਘ ਦੀ ਲਾਪਤਾ ਦੀ ਸੂਚਨਾ ਮਿਲੀ ਸੀ ਇਕ ਨੌਜਵਾਨ ਕਰਨਦੀਪ ਸਿੰਘ ਜੋ ਕਿ 15 ਮਈ 2026 ਤੋਂ ਲਾਪਤਾ ਹੈ, ਜਿਸ ਦੀ ਗੋਤਾਖੋਰ ਮੰਗਵਾਕੇ ਕੰਢੀ ਨਹਿਰ ਵਿਚ ਵੀ ਹੜਤਾਲ ਕੀਤੀ ਗਈ ਅਤੇ ਇਲਾਕੇ ਦੇ ਸੀ.ਸੀ.ਟੀ.ਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ, ਜਿਸਦਾ ਕੋਈ ਵੀ ਸੁਰਾਖ਼ ਨਹੀਂ ਮਿਲ ਰਿਹਾ ਹੈ ਜਿਸ ਦੋਸਤਾਂ ਦੇ ਨਾਲ ਗਿਆ ਸੀ ਉਨ੍ਹਾਂ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ ਉਨ੍ਹਾਂ ਤੋਂ ਵੀ ਕੋਈ ਸੁਰਾਗ ਨਹੀਂ ਮਿਲ ਰਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ