ਕਿਸਾਨ ਦੇ ਘਰ ਚੋਰੀ ਦੀ ਵੱਡੀ ਵਾਰਦਾਤ, ਲੱਖਾਂ ਦਾ ਸੋਨਾ ਅਤੇ ਨਗਦੀ ਚੋਰੀ
ਲੌਂਗੋਵਾਲ (ਸੰਗਰੂਰ), 1 ਜੁਲਾਈ (ਵਿਨੋਦ, ਖੰਨਾ) - ਲੌਂਗੋਵਾਲ ਦੀ ਜੜ 'ਚ ਵਸੇ ਪਿੰਡ ਪਿੰਡੀ ਕਿਹਰ ਸਿੰਘ ਵਾਲੀ ਵਿਖੇ ਲੰਘੀ ਰਾਤ ਇਕ ਕਿਸਾਨ ਪਰਿਵਾਰ ਦੇ ਘਰ ਤੋਂ ਲੱਖਾਂ ਰੁਪਏ ਦਾ ਸੋਨਾ ਅਤੇ ਨਗਦੀ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਦੀ ਇਸ ਵੱਡੀ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ ਅਤੇ ਘਟਨਾ ਸਥਾਨ 'ਤੇ ਮੌਜੂਦ ਵੱਡੀ ਗਿਣਤੀ ਵਿਚ ਲੋਕ ਇਸ ਵਾਰਦਾਤ ਉਤੇ ਹੈਰਾਨੀ ਪ੍ਰਗਟ ਕਰ ਰਹੇ ਹਨ।
ਇਕੱਤਰ ਕੀਤੇ ਵੇਰਵਿਆਂ ਅਨੁਸਾਰ ਇਥੋਂ ਦੇ ਕਿਸਾਨ ਮੇਜਰ ਸਿੰਘ ਧਾਲੀਵਾਲ ਦੇ ਘਰੋਂ 24-25 ਦੇ ਕਰੀਬ ਸੋਨਾ ਅਤੇ 30 ਹਜ਼ਾਰ ਰੁਪਏ ਨਗਦੀ ਚੋਰੀ ਹੋ ਗਈ ਹੈ। ਭਾਵੇਂ ਲੌਂਗੋਵਾਲ ਪੁਲਿਸ ਇਸ ਵਾਰਦਾਤ ਦੀ ਜਾਂਚ ਵਿਚ ਜੁੱਟ ਗਈ ਹੈ ਪ੍ਰੰਤੂ ਮੁੱਢਲੇ ਤੌਰ 'ਤੇ ਸੀਸੀਟੀਵੀ ਫੁਟੇਜ ਵਿਚ ਰਾਤ ਇਕ ਵਜੇ ਦੇ ਕਰੀਬ ਮੂੰਹ ਸਿਰ ਲਪੇਟੇ ਇਕ ਸਾਈਕਲ ਸਵਾਰ ਗਲੀ ਵਿਚ ਲੰਘਦਾ ਵਿਅਕਤੀ ਸ਼ੱਕ ਦੇ ਘੇਰੇ ਵਿਚ ਹੈ।
ਪੀੜਤ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਣਾਇਆ ਜਾ ਰਿਹਾ ਨਵਾਂ ਘਰ ਨਿਰਮਾਣ ਅਧੀਨ ਹੈ ਅਤੇ ਉਹ ਫਿਲਹਾਲ ਉਸੇ ਥਾਂ 'ਤੇ ਪੁਰਾਣੀ ਇਮਾਰਤ ਵਿਚ ਰਹਿ ਰਹੇ ਹਨ। ਸਮਝਿਆ ਜਾ ਰਿਹਾ ਹੈ ਕਿ ਚੋਰ ਇਸ ਪੁਰਾਣੇ ਘਰ ਦੇ ਪਿਛਲੇ ਪਾਸਿਓਂ ਘਰ ਵਿਚ ਦਾਖ਼ਲ ਹੋਇਆ। ਰਾਤ ਉਨ੍ਹਾਂ ਦਾ ਪਰਿਵਾਰ ਖਾਣਾ ਖਾਣ ਉਪਰੰਤ ਸੌਂ ਗਿਆ ਸੀ ਕਿ ਕਮਰਿਆਂ ਤੋਂ ਪਹਿਲਾਂ ਬਣੇ ਵਰਾਂਡੇ ਲਈ ਜੋ ਜਾਲੀ ਵਾਲਾ ਗੇਟ ਅੰਦਰੋਂ ਲੱਗਿਆ ਹੋਇਆ ਸੀ, ਉਸ ਦੀ ਜਾਲੀ ਨੂੰ ਕੱਟ ਕੇ ਚੋਰ ਅਸਾਨੀ ਨਾਲ ਅੰਦਰੋਂ ਕੁੰਡੀ ਖੋਲ੍ਹ ਕੇ ਵਰਾਂਡੇ ਵਿਚ ਦਾਖ਼ਲ ਹੋਇਆ। ਇਸ ਵਰਾਂਡੇ ਦੇ ਦੋਵੇਂ ਪਾਸੇ ਇਕ ਇਕ ਆਹਮੋ ਸਾਹਮਣੇ ਕਮਰਾ ਬਣਿਆ ਹੋਇਆ ਹੈ ਅਤੇ ਇਨ੍ਹਾਂ ਦੋਵੇਂ ਕਮਰਿਆਂ ਵਿਚ ਉਨ੍ਹਾਂ ਦਾ ਪਰਿਵਾਰ ਸੁੱਤਾ ਹੋਇਆ ਸੀ। ਇਸ ਦੇ ਨਾਲ ਹੀ ਹੋਰ ਕਮਰੇ ਹਨ ਜਿਨ੍ਹਾਂ ਵਿਚ ਪੇਟੀਆਂ ਅਤੇ ਅਲਮਾਰੀਆਂ ਵਗੈਰਾ ਪਈਆਂ ਹਨ। ਇਨ੍ਹਾਂ ਕਮਰਿਆਂ ਨੂੰ ਜਿੰਦਰੇ ਲੱਗੇ ਹੋਏ ਸਨ। ਪਹਿਲਾਂ ਇਕ ਕਮਰੇ ਦਾ ਜਿੰਦਰਾ ਤੋੜ ਕੇ ਚੋਰ ਅੰਦਰ ਦਾਖ਼ਲ ਹੋਇਆ ਅਤੇ ਕਮਰਿਆਂ ਵਿਚ ਪਾਈਆਂ ਸਾਰੀਆਂ ਪੇਟੀਆਂ ਦੀ ਫਰੋਲਾ ਫਰਾਲੀ ਕੀਤੀ ਅਤੇ ਫੇਰ ਅਲਮਾਰੀ ਖੋਲ੍ਹ ਕੇ ਅੰਦਰ ਬਣੇ ਲਾਕਰ ਦਾ ਜਿੰਦਰਾ ਤੋੜਿਆ ਗਿਆ। ਇਕ ਅਲਮਾਰੀ ਵਿਚੋਂ 10 ਹਜ਼ਾਰ ਦੀ ਨਗਦੀ ਅਤੇ ਦੂਜੀ ਵਿਚੋ 20 ਹਾਜ਼ਰ ਦੀ ਨਗਦੀ ਅਤੇ 12 ਤੋਲੇ ਦੇ ਕਰੀਬ ਸੋਨਾ ਕੱਢਿਆ ਗਿਆ। ਫੇਰ ਦੂਜੇ ਕਮਰੇ ਵਿਚ ਪਈ ਅਲਮਾਰੀ ਦਾ ਲਾਕਰ ਤੋੜ ਕੇ 13 ਤੋਲੇ ਦੇ ਕਰੀਬ ਸੋਨਾ ਚੋਰੀ ਕੀਤਾ ਗਿਆ।
ਮੇਜਰ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਤਾਂ ਸਵੱਖਤੇ ਖੇਤ ਚਲਾ ਗਿਆ ਸੀ ਅਤੇ ਪਰਿਵਾਰ ਨੂੰ ਇਸ ਵਾਰਦਾਤ ਦਾ ਪਤਾ ਸਵੇਰੇ ਲੱਗਿਆ। ਉਨ੍ਹਾਂਦੱਸਿਆ ਕਿ ਜਿਨ੍ਹਾਂ ਕਮਰਿਆਂ ਵਿਚੋਂ ਚੋਰੀ ਹੋਈ ਹੈ, ਉਹ ਉਨ੍ਹਾਂ ਕਮਰਿਆਂ ਦੇ ਨਜ਼ਦੀਕ ਹੀ ਸੁੱਤੇ ਹੋਏ ਸਨ ਪ੍ਰੰਤੂ ਉਨ੍ਹਾਂ ਨੂੰ ਰਤਾ ਜਿੰਨਾ ਵੀ ਖੜਾਕ ਨਹੀਂ ਸੁਣਿਆ। ਉਨ੍ਹਾਂ ਬੇਹੱਦ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਇਕੋ ਝਟਕੇ ਨਾਲ ਚਲੀ ਗਈ ਹੈ। ਇਸ ਵਾਰਦਾਤ ਦੌਰਾਨ ਚੋਰ ਨੇ ਕਮਰੇ ਦੇ ਜਿੰਦਰੇ ਤੋਂ ਇਲਾਵਾ ਅਲਮਾਰੀਆਂ ਦੇ ਲਾਕਰ ਵੀ ਤੋੜੇ ਹਨ। ਚੋਰੀ ਉਪਰੰਤ ਚੋਰ ਘਰ ਦੇ ਛੋਟੇ ਦਰਵਾਜ਼ੇ ਦਾ ਕੁੰਡਾ ਖੋਲ੍ਹ ਕੇ ਬੜੀ ਦਲੇਰੀ ਨਾਲ ਸਾਈਕਲ 'ਤੇ ਸਵਾਰ ਹੋ ਕੇ ਚਲਾ ਗਿਆ।
ਸਵੇਰੇ ਵਾਰਦਾਤ ਦੀ ਸੂਚਨਾ ਥਾਣਾ ਲੌਂਗੋਵਾਲ ਵਿਖੇ ਦਿੱਤੀ ਤਾਂ ਪੁਲਿਸ ਪਾਰਟੀ ਨੇ ਘਟਨਾ ਸਥਾਨ ਦੌਰਾ ਵੀ ਕੀਤਾ ਹੈ ਅਤੇ ਜਾਂਚ ਵੀ ਆਰੰਭ ਦਿੱਤੀ ਹੈ। ਇਸ ਸੰਬੰਧ ਵਿਚ ਥਾਣਾ ਲੌਂਗੋਵਾਲ ਦੇ ਐਸਐਚਓ ਇੰਸਪੈਕਟਰ ਬਲਵੰਤ ਸਿੰਘ ਬਿਲਿੰਗ ਨੇ ਦੱਸਿਆ ਕਿ ਇਸ ਵਾਰਦਾਤ ਸੰਬੰਧੀ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵਲੋਂ ਪੇਸ਼ੇਵਰਾਨਾ ਢੰਗ ਨਾਲ ਜਾਂਚ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਵਾਰਦਾਤ ਦੀ ਤਹਿ ਤੱਕ ਜਾਣ ਲਈ ਸੀਸੀਟੀਵੀ ਫੁਟੇਜ ਤੋਂ ਇਲਾਵਾ ਤਕਨੀਕੀ ਅਤੇ ਮਾਨਵੀ ਸੂਤਰਾਂ ਦੀ ਸਹਾਇਤਾ ਨਾਲ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਉਮੀਦ ਹੈ ਇਸ ਮਸਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ।
;
;
;
;
;
;
;
;
;