01-07-26
ਖਾਲੀ ਪਲਾਟ ਤੇ ਕੂੜਾ
ਛੋਟੇ, ਵੱਡੇ ਸ਼ਹਿਰਾਂ ਵਿਚ, ਰਿਹਾਇਸ਼ੀ ਇਲਾਕਿਆਂ ਅਤੇ ਜੀ.ਟੀ. ਰੋਡ ਦੇ ਨਾਲ ਲਗਦੇ ਖਾਲੀ ਸਥਾਨਾਂ ਵਿਚ ਕੂੜਾ ਆਮ ਹੀ ਸੁੱਟਿਆ ਜਾਂਦਾ ਵੇਖਿਆ ਜਾਂਦਾ ਹੈ। ਜਿਹੜੇ ਪਲਾਟਾਂ ਦੀ ਚਾਰ-ਦੀਵਾਰੀ ਨਹੀਂ ਕੀਤੀ ਹੁੰਦੀ, ਉਥੇ ਕੁੱਤੇ ਤੇ ਅਵਾਰਾ ਪਸ਼ੂ ਮੂੰਹ ਮਾਰਦੇ ਕੂੜੇ ਨੂੰ ਸੜਕਾਂ ਵਿਚ ਖਿਲਾਰ ਦਿੰਦੇ ਹਨ, ਜਿਸ ਕਰਕੇ ਨੇੜੇ ਰਹਿੰਦੇ ਲੋਕਾਂ, ਰਾਹਗੀਰਾਂ ਨੂੰ ਬਦਬੂ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਥੇ ਆਮ ਲੋਕਾਂ ਨੂੰ ਪਲਾਟਾਂ ਵਿਚ ਕੂੜਾ ਕਰਕਟ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਉਥੇ ਹੀ ਨਗਰ ਕਾਰਪੋਰੇਸ਼ਨਾਂ, ਨਗਰ ਸੁਧਾਰ ਟਰੱਸਟਾਂ ਨੂੰ ਚਾਹੀਦਾ ਹੈ ਕਿ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਪਲਾਟ ਸਾਫ਼ ਰੱਖਣ ਦੀਆਂ ਹਿਦਾਇਤਾਂ ਜਾਰੀ ਕਰਨ ਤਾਂ ਜੋ ਬੀਮਾਰੀਆਂ ਨਾ ਫੈਲਣ ਅਤੇ ਵਾਤਾਵਰਨ ਸਾਫ਼ ਸੁਥਰਾ ਰਹਿ ਸਕੇ। ਕਿਉਂਕਿ ਅੱਜਕੱਲ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਅਤੇ ਇਨ੍ਹਾਂ ਖਾਲੀ ਪਏ ਪਲਾਟਾਂ ਵਿਚ ਕੂੜਾ ਕਰਕੱਟ ਸੁੱਟਣ ਨਾਲ ਜੰਗਲੀ ਬੂਟੀ ਉੱਗਣ ਦੇ ਨਾਲ-ਨਾਲ ਕਈ ਕੀੜੇ-ਮਕੌੜੇ ਵੀ ਜਨਮ ਲੈ ਲੈਂਦੇ ਹਨ ਜਿਸ ਕਾਰਨ ਕਈ ਬੀਮਾਰੀਆਂ ਦਾ ਸ਼ਿਕਾਰ ਵੀ ਹੋਣਾ ਪੈ ਸਕਦਾ ਹੈ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।
ਤਲਖ਼ੀ ਨਾ ਵਧਾਓ
ਪਿਛਲੇ ਦਿਨੀਂ ਇੰਸਟਾਗ੍ਰਾਮ 'ਤੇ ਚਲਦੀਆਂ ਰੀਲਾਂ ਤੋਂ ਸਾਰੇ ਹੀ ਪੰਜਾਬ ਕੀ ਹਿੰਦੁਸਤਾਨ ਵਿਚ ਬਹੁਤ ਹੀ ਤਲਖੀ ਭਰਿਆ ਮਾਹੌਲ ਬਣਿਆ ਹੋਇਆ ਹੈ। ਹਰ ਇਕ ਹੀ ਆਪੋ-ਆਪਣੇ ਹਿਸਾਬ ਨਾਲ ਇਸ ਗੱਲ 'ਤੇ ਪੋਸਟਾਂ ਪਾ ਰਿਹਾ ਹੈ। ਇਸ 'ਚ ਕੋਈ ਦੋ ਰਾਇ ਨਹੀਂ ਕਿ ਇੰਸਟਾਗ੍ਰਾਮ, ਫੇਸਬੁੱਕ, ਵੱਟਸਐਪ ਇਹ ਸਾਰੇ ਜ਼ਰੀਏ ਆਪੋ-ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦੇ ਬਹੁਤ ਵਧੀਆ ਸਾਧਨ ਹਨ, ਪਰ ਇਨ੍ਹਾਂ ਸਾਧਨਾਂ ਰਾਹੀਂ ਚੰਗਾ ਮੈਸੇਜ ਵੀ ਦਿੱਤਾ ਜਾ ਸਕਦਾ ਹੈ। ਮਾਹੌਲ ਨੂੰ ਤਲਖੀ ਭਰਿਆ ਬਣਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਸ ਦੀ ਬਾਬਤ ਸਰਕਾਰਾਂ ਨੂੰ ਵੀ ਕੋਈ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਵਿਚ ਸ਼ਾਂਤੀ ਕਾਇਮ ਰਹਿ ਸਕੇ ਔਰ ਮੁੜ ਤੋਂ ਸੰਨ 84 ਵਾਲਾ ਦੌਰ ਨਾ ਆਵੇ। ਪੰਜਾਬ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਹੈ। ਸਾਰੇ ਹੀ ਹਿੰਦੂ ਮੁਸਲਿਮ ਸਿੱਖ ਇਸਾਈ ਭਰਾ-ਭਰਾ ਹਨ ਅਤੇ ਪਿਆਰ ਨਾਲ ਰਹਿਣਾ ਚਾਹੀਦਾ ਹੈ। ਬਿਲਕੁਲ ਇਹੋ ਜਿਹੀਆਂ ਤਲਖ਼ੀ ਭਰੀਆਂ ਪੋਸਟਾਂ ਨਹੀਂ ਪਾਉਣੀਆਂ ਚਾਹੀਦੀਆਂ। ਇਸ 'ਤੇ ਵਿਰਾਮ ਲੱਗਣਾ ਚਾਹੀਦਾ ਹੈ।
-ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਟ੍ਰੈਫਿਕ ਲਾਈਟਾਂ ਦੀ ਸਮੱਸਿਆ
ਸ਼ਹਿਰਾਂ ਦੇ ਚੌਂਕਾਂ ਵਿਚ ਲੱਗੀਆਂ ਟ੍ਰੈਫਿਕ ਲਾਈਟਾਂ ਵੀ ਇਕ ਵੱਡੀ ਸਮੱਸਿਆ ਦਾ ਕਾਰਨ ਬਣ ਰਹੀਆਂ ਹਨ। ਚੌਂਕਾਂ ਵਿਚ ਖੜ੍ਹੇ ਪੁਲਿਸ ਕਰਮਚਾਰੀ ਕਈ ਵਾਰ ਤਾਂ ਖ਼ੁਦ ਹੀ ਟ੍ਰੈਫਿਕ ਲਾਈਟਾਂ ਬੰਦ ਕਰਵਾ ਕੇ ਆਪ ਕੈਬਿਨ ਦੇ ਅੰਦਰ ਜਾ ਵੜਦੇ ਹਨ, ਅਤੇ ਲੋਕ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ। ਕਈ ਵਾਰ ਤਾਂ ਇਨ੍ਹਾਂ ਚੌਂਕਾਂ ਵਿਚ ਟ੍ਰੈਫਿਕ ਲਾਈਟ ਨਾ ਹੋਣ ਕਰਕੇ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ, ਦੁਰਘਟਨਾ ਹੋਣ ਦੀ ਸੂਰਤ ਵਿਚ ਪੁਲਿਸ ਦੀ ਕਾਰਗੁਜ਼ਾਰੀ ਨਾ-ਬਰਾਬਰ ਹੁੰਦੀ ਹੈ। ਚੌਂਕਾਂ ਵਿਚ ਭਾਵੇਂ ਪੁਲਿਸ ਦੀ ਡਿਊਟੀ ਲੱਗੀ ਹੋਈ ਹੈ ਪਰ ਵਧੇਰੇ ਤੌਰ 'ਤੇ ਇਨ੍ਹਾਂ ਪੁਲਿਸ ਵਾਲਿਆਂ ਦਾ ਧਿਆਨ ਬਾਹਰੀ ਨੰਬਰ ਵਾਲੀਆਂ ਗੱਡੀਆਂ 'ਤੇ ਹੀ ਟਿਕਿਆ ਹੋਇਆ ਹੁੰਦਾ ਹੈ, ਅਤੇ ਉਨ੍ਹਾਂ ਨੂੰ ਰੋਕ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਚੌਂਕਾਂ ਵਿਚ ਖੜ੍ਹੀ ਪੁਲਿਸ ਅਰਾਜਕ ਤੱਤਾਂ 'ਤੇ ਧਿਆਨ ਨਾ ਦੇ ਕੇ ਚਲਾਨ ਕੱਟਣ 'ਤੇ ਹੀ ਜ਼ੋਰ ਦਿੰਦੀ ਹੈ। ਇਨ੍ਹਾਂ ਪੁਲਿਸ ਕਰਮਚਾਰੀਆਂ ਦਾ ਚੌਂਕ ਵਿਚ ਖੜ੍ਹੇ ਭਿਖਾਰੀਆਂ 'ਤੇ ਵੀ ਕਦੇ ਧਿਆਨ ਨਹੀਂ ਜਾਂਦਾ, ਜਿਹੜੇ ਆਉਣ ਜਾਣ ਵਾਲਿਆਂ ਅੱਗੇ ਹੱਥ ਅੱਡੀ ਰਖਦੇ ਹਨ। ਸੋ, ਪੁਲਿਸ ਨੂੰ ਚਲਾਨ ਕੱਟਣ ਦੇ ਨਾਲ-ਨਾਲ ਅਸਾਮਾਜਿਕ ਅਨਸਰਾਂ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ।
-ਅਸ਼ੀਸ਼ ਸ਼ਰਮਾ ਜਲੰਧਰ