ਗ੍ਰਿਫ਼ਤਾਰ ਮਹਿਲਾ ਤੋਂ ਲੱਖਾਂ ਰੁਪਏ ਦੇ ਚੋਰੀ ਕੀਤੇ ਗਹਿਣੇ ਬਰਾਮਦ
ਪੰਚਕੂਲਾ (ਹਰਿਆਣਾ), 23 ਜੂਨ - ਪੰਚਕੂਲਾ ਪੁਲਿਸ ਨੇ 91 ਸਾਲਾ ਬਜ਼ੁਰਗ ਮਹਿਲਾ ਦੇ ਘਰੋਂ ਲੱਖਾਂ ਰੁਪਏ ਦੇ ਕੀਮਤੀ ਗਹਿਣੇ ਚੋਰੀ ਕਰਨ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਘਰ ਵਿਚ ਖਾਣਾ ਬਣਾਉਣ ਵਾਲੀ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਮਹਿਲਾ ਕੋਲੋਂ ਕਰੀਬ 40 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ।
ਏਸੀਪੀ ਕ੍ਰਾਈਮ ਅਰਵਿੰਦ ਕੰਬੋਜ ਅਨੁਸਾਰ 13 ਜੂਨ ਨੂੰ ਚੰਡੀਗੜ੍ਹ ਵਾਸੀ ਇਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ 91 ਸਾਲਾ ਸੱਸ, ਜੋ ਪੰਚਕੂਲਾ ਦੇ ਮਾਂਸਾ ਦੇਵੀ ਖੇਤਰ ਵਿਚ ਰਹਿੰਦੀ ਹੈ, ਦੇ ਘਰ ਵਿਚ ਖਾਣਾ ਬਣਾਉਣ ਆਉਣ ਵਾਲੀ ਇਕ ਮਹਿਲਾ ਨੇ ਘਰ ਵਿਚ ਰੱਖੇ ਕੀਮਤੀ ਸੋਨੇ ਦੇ ਗਹਿਣੇ ਚੋਰੀ ਕਰ ਲਏ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਮਾਂਸਾ ਦੇਵੀ ਵਿਚ ਚੋਰੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਡਿਟੈਕਟਿਵ ਸਟਾਫ਼ ਇੰਚਾਰਜ ਤਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮਾਮਲੇ ਨਾਲ ਜੁੜੇ ਤੱਥਾਂ ਅਤੇ ਸ਼ੱਕੀ ਵਿਅਕਤੀਆਂ ਬਾਰੇ ਜਾਂਚ ਕੀਤੀ। ਜਾਂਚ ਦੌਰਾਨ ਘਰ ਵਿਚ ਖਾਣਾ ਬਣਾਉਣ ਆਉਣ ਵਾਲੀ ਮਹਿਲਾ ’ਤੇ ਸ਼ੱਕ ਹੋਣ ’ਤੇ ਉਸ ਤੋਂ ਪੁੱਛਗਿੱਛ ਕੀਤੀ ਗਈ। ਪੁਲਿਸ ਨੇ ਮਹਿਲਾ ਪੁਲਿਸ ਕਰਮਚਾਰੀ ਦੀ ਮੌਜੂਦਗੀ ਵਿਚ ਮਨੀਮਾਜਰਾ, ਚੰਡੀਗੜ੍ਹ ਵਾਸੀ 33 ਸਾਲਾ ਹਿਨਾ ਨੂੰ 20 ਜੂਨ ਨੂੰ ਗ੍ਰਿਫ਼ਤਾਰ ਕਰ ਲਿਆ।
ਡੀਸੀਪੀ ਕ੍ਰਾਈਮ ਐਂਡ ਟ੍ਰੈਫਿਕ ਅਮਰਿੰਦਰ ਸਿੰਘ ਨੇ ਦੱਸਿਆ ਕਿ 21 ਜੂਨ ਨੂੰ ਮੁਲਜ਼ਮ ਮਹਿਲਾ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਰਿਮਾਂਡ ਦੌਰਾਨ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ ਕਰੀਬ 40 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਕਰ ਲਏ। ਮੁਲਜ਼ਮ ਮਹਿਲਾ ਨੂੰ ਅੱਜ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
;
;
;
;
;
;
;