JALANDHAR WEATHER

ਡੇਰਾਬੱਸੀ ਸਿਵਲ ਹਸਪਤਾਲ ਦੇ ਡਾਕਟਰ 'ਤੇ ਹਮਲਾ, ਰੋਸ ਵਜੋਂ ਓਪੀਡੀ ਸੇਵਾਵਾਂ ਠੱਪ

ਡੇਰਾਬੱਸੀ (ਮੁਹਾਲੀ), 30 ਮਈ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਪੁਲਸ ਸਥਿਤ ਸਿਵਲ ਹਸਪਤਾਲ ਦੇ ਐਨੇਸਥੀਸੀਆ ਵਿਭਾਗ ਦੇ ਡਾਕਟਰ ਜੋਤ ਨੂਰ ਉੱਤੇ ਦੋ ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ ਨੇ ਸ਼ਹਿਰ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਘਟਨਾ ਦੇ 24 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਸ ਵਲੋਂ ਕਾਰਵਾਈ ਨਾ ਕੀਤੇ ਜਾਣ ਤੋਂ ਖ਼ਫ਼ਾ ਸਿਵਲ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਸਟਾਫ਼ ਨੇ ਰੋਸ ਵਜੋਂ ਓਪੀਡੀ ਸੇਵਾਵਾਂ ਮੁਕੰਮਲ ਬੰਦ ਕਰਕੇ ਹਸਪਤਾਲ ਦੇ ਅੰਦਰ ਹੀ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ।
ਪੇਸ਼ਾ ਪੁੱਛ ਕੇ ਕੀਤਾ ਹਮਲਾ
ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਸਵੇਰੇ ਉਸ ਵੇਲੇ ਵਾਪਰੀ ਜਦੋਂ ਡਾਕਟਰ ਜੋਤ ਨੂਰ ਆਪਣੀ ਕਾਰ ਜੰਗਲਾਤ ਵਿਭਾਗ ਦੇ ਦਫ਼ਤਰ ਨੇੜੇ ਪਾਰਕ ਕਰਕੇ ਹਸਪਤਾਲ ਵੱਲ ਜਾ ਰਹੇ ਸਨ। ਰਸਤੇ ਵਿਚ ਦੋ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਕੇ ਪਹਿਲਾਂ ਉਨ੍ਹਾਂ ਦਾ ਪੇਸ਼ਾ ਪੁੱਛਿਆ। ਜਿਵੇਂ ਹੀ ਡਾਕਟਰ ਨੇ ਆਪਣੇ ਐਨੇਸਥੀਸੀਆ ਡਾਕਟਰ ਹੋਣ ਦੀ ਪੁਸ਼ਟੀ ਕੀਤੀ, ਤਾਂ ਉਕਤ ਹਮਲਾਵਰਾਂ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਅਤੇ ਮਾਰਕੁੱਟ ਸ਼ੁਰੂ ਕਰ ਦਿੱਤੀ। ਡਾਕਟਰ ਜੋਤ ਨੂਰ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਆਪਣੀ ਗੱਡੀ ਵਿਚ ਬੈਠ ਕੇ ਜਾਨ ਬਚਾਈ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਸੁਰੱਖਿਆ ਨੂੰ ਲੈ ਕੇ ਡਾਕਟਰਾਂ ਵਿੱਚ ਭਾਰੀ ਰੋਸ
ਪੀੜਤ ਡਾਕਟਰ ਵਲੋਂ ਥਾਣੇ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਹਮਲਾਵਰਾਂ ਦੀ ਪਛਾਣ ਨਾ ਹੋਣ ਕਾਰਨ ਮੈਡੀਕਲ ਸਟਾਫ਼ ਵਿਚ ਭਾਰੀ ਰੋਸ ਹੈ। ਡਾਕਟਰਾਂ ਮੁਤਾਬਿਕ ਜਦੋਂ ਤੱਕ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਓਪੀਡੀ ਸੇਵਾਵਾਂ ਬੰਦ ਰਹਿਣਗੀਆਂ।ਡਾਕਟਰਾਂ ਦੀ ਸੁਰੱਖਿਆ ਲਈ ਹਸਪਤਾਲ ਵਿਚ ਪੁਖ਼ਤਾ ਪ੍ਰਬੰਧ ਕੀਤੇ ਜਾਣ। ਮਰੀਜ਼ਾਂ ਦੀ ਸਹੂਲਤ ਨੂੰ ਦੇਖਦਿਆਂ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਨਿਰੰਤਰ ਜਾਰੀ ਰੱਖੀਆਂ ਗਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ