ਸੀ.ਐੱਚ.ਸੀ. ਸੈਂਟਰ ਵਿਚ ਸਥਿਤ ਲੈਬੋਰਟਰੀ ਨੂੰ ਲੱਗੀ ਭਿਆਨਕ ਅੱਗ
ਗੁਰੂਹਰਸਹਾਏ, 28 ਮਈ (ਕਪਿਲ ਕੰਧਾਰੀ)- ਸ਼ਹਿਰ ਦੇ ਫਰੀਦਕੋਟ ਰੋਡ ਸਥਿਤ ਸੀ.ਐੱਚ.ਸੀ. ਸੈਂਟਰ ਵਿਚ ਚੱਲ ਰਹੀ ਪ੍ਰਾਈਵੇਟ ਕਰਸਨਾ ਲੈਬੋਰਟਰੀ ਵਿਚ ਅੱਜ ਅਚਾਨਕ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ, ਇਹ ਲੈਬੋਰਟਰੀ ਸਰਕਾਰ ਨਾਲ ਟਾਈਅੱਪ ਅਧੀਨ ਕੰਮ ਕਰਦੀ ਹੈ, ਜਿੱਥੇ ਮਰੀਜ਼ਾਂ ਦੇ ਵੱਖ-ਵੱਖ ਟੈਸਟਾਂ ਦੇ ਸੈਂਪਲ ਲਏ ਜਾਂਦੇ ਹਨ ਅਤੇ ਘੱਟ ਰੇਟਾਂ ’ਤੇ ਟੈਸਟ ਕਰਕੇ ਦਿੱਤੇ ਜਾਂਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਲੈਬੋਰਟਰੀ ਵਿਚ ਕਿਸੇ ਕਾਰਨ ਕਰਕੇ ਅਚਾਨਕ ਸ਼ਾਮ 5 ਵਜੇ ਦੇ ਕਰੀਬ ਅੱਗ ਲੱਗ ਗਈ। ਜਿਵੇਂ ਹੀ ਸਟਾਫ਼ ਨੂੰ ਅੱਗ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ। ਅੱਗ ਕਾਰਨ ਲੈਬੋਰਟਰੀ ਅੰਦਰ ਪਿਆ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ। ਕਰਮਚਾਰੀਆਂ ਦਾ ਕਹਿਣਾ ਹੈ ਕਿ ਕੀ ਕੁੱਝ ਅੰਦਰ ਸੜਿਆ ਹੈ ਅਤੇ ਕਿੰਨੇ ਦਾ ਨੁਕਸਾਨ ਹੋਇਆ ਹੈ ਇਸ ਸਬੰਧੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਨਾਲ ਇਕ ਵਾਰ ਫਿਰ ਗੁਰੂਹਰਸਹਾਏ ਵਿਚ ਫਾਇਰ ਬ੍ਰਿਗੇਡ ਦੀ ਕਮੀ ਮਹਿਸੂਸ ਕੀਤੀ ਗਈ।
ਸਥਾਨਕ ਲੋਕਾਂ ਨੇ ਦੱਸਿਆ ਕਿ ਸ਼ਹਿਰ ਵਿਚ ਪਿਛਲੇ ਲੰਬੇ ਸਮੇਂ ਤੋਂ ਪੱਕੇ ਤੌਰ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਉਪਲੱਬਧ ਨਹੀਂ ਹੈ। ਬੀਤੇ ਦਿਨ ਵੀ ਸ਼ਹਿਰ ਵਿੱਚ ਲੱਗੀ ਇੱਕ ਅੱਗ ਦੀ ਘਟਨਾ ਦੌਰਾਨ ਜਲਾਲਾਬਾਦ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਈ ਗਈ ਸੀ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਇਲਾਕੇ ਵਿਚ ਅੱਗ ਲੱਗਣ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਫਿਰੋਜ਼ਪੁਰ, ਫਾਜ਼ਿਲਕਾ, ਜਲਾਲਾਬਾਦ ਅਤੇ ਮੁਕਤਸਰ ਤੋਂ ਬੁਲਾਉਣੀਆਂ ਪੈਂਦੀਆਂ ਹਨ, ਜਿਸ ਕਾਰਨ ਮੌਕੇ ’ਤੇ ਪਹੁੰਚਣ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਅਤੇ ਇਸ ਦੌਰਾਨ ਵੱਡਾ ਨੁਕਸਾਨ ਹੋ ਜਾਂਦਾ ਹੈ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਗੁਰੂਹਰਸਹਾਏ ਵਿੱਚ ਜਲਦ ਤੋਂ ਜਲਦ ਫਾਇਰ ਬ੍ਰਿਗੇਡ ਦੀ ਸਥਾਈ ਵਿਵਸਥਾ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੌਰਾਨ ਸਮੇਂ ਸਿਰ ਰਾਹਤ ਕਾਰਵਾਈ ਕੀਤੀ ਜਾ ਸਕੇ।
;
;
;
;
;
;
;
;