JALANDHAR WEATHER

ਨਗਰ ਕੌਂਸਲ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂ ਇਕੋ ਫਰੇਮ ਵਿਚ ਆਏ ਨਜ਼ਰ

ਦਸੂਹਾ (ਹੁਸ਼ਿਆਰਪੁਰ), 26 ਮਈ (ਕੌਸ਼ਲ) – ਨਗਰ ਕੌਂਸਲ ਦਸੂਹਾ ਦੀਆਂ ਚੋਣਾਂ ਦੌਰਾਨ ਵਾਰਡ ਨੰਬਰ 4 ਦੇ ਇਕ ਪੋਲਿੰਗ ਬੂਥ ‘ਤੇ ਉਸ ਵੇਲੇ ਦਿਲਚਸਪ ਮਾਹੌਲ ਬਣ ਗਿਆ, ਜਦੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਉਮੀਦਵਾਰ ਅਚਾਨਕ ਇਕੋ ਥਾਂ ਇਕੱਠੇ ਹੋ ਗਏ ਜਿਨ੍ਹਾਂ ਵਲੋਂ ਆਪਸੀ ਸਾਂਝ ਦਾ ਪ੍ਰਤੀਕ ਬਣਦੀ ਇਕ ਤਸਵੀਰ ਖਿਚਵਾਈ ਗਈ। ਇਹ ਤਸਵੀਰ ਹੁਣ ਦਸੂਹਾ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਮੌਕੇ ਸਾਬਕਾ ਵਿਧਾਇਕ ਕਾਂਗਰਸ ਅਰੁਣ ਡੋਗਰਾ ਮਿੱਕੀ, ਭਾਰਤੀ ਜਨਤਾ ਪਾਰਟੀ ਦੇ ਆਗੂ ਸੁਸ਼ੀਲ ਕੁਮਾਰ ਪਿੰਕੀ, ਭਾਜਪਾ ਆਗੂ ਡਾ. ਹਰਸਿਮਰਤ ਸਿੰਘ ਸਾਹੀ, ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 4 ਦੇ ਉਮੀਦਵਾਰ ਮਨੂੰ ਖੁਲਰ, ਵਾਰਡ ਨੰਬਰ 4 ਤੋਂ ਭਾਜਪਾ ਦੀ ਉਮੀਦਵਾਰ ਰਜਨੀ ਕੌਸ਼ਲ, ਕਾਂਗਰਸ ਦੇ ਉਮੀਦਵਾਰ ਰਾਕੇਸ਼ ਬੱਸੀ ਅਤੇ ਭਾਜਪਾ ਆਗੂ ਵਿਵੇਕ ਸਿੰਘ ਰਿੰਕਾ ਸਮੇਤ ਹੋਰ ਆਗੂ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਇਹ ਤਸਵੀਰ ਉਸ ਵੇਲੇ ਖਿੱਚੀ ਗਈ ਜਦੋਂ ਚੋਣ ਪ੍ਰਕਿਰਿਆ ਆਪਣੇ ਅੰਤਿਮ ਪੜਾਅ ਵਿਚ ਸੀ ਅਤੇ ਸ਼ਾਮ ਕਰੀਬ 5 ਵਜੇ ਦਾ ਸਮਾਂ ਹੋ ਚੁੱਕਾ ਸੀ। ਦਿਨ ਭਰ ਦੀ ਚੋਣੀ ਰੁਝਾਨ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਆਗੂ ਕੁਝ ਸਮੇਂ ਲਈ ਰਿਲੈਕਸ ਮੂਡ ਵਿਚ ਨਜ਼ਰ ਆਏ ਅਤੇ ਇਤਫ਼ਾਕਨ ਇਕੋ ਬੂਥ ਦੇ ਬਾਹਰ ਇਕੱਠੇ ਹੋਣ ਨਾਲ ਤਸਵੀਰ ਖਿੱਚਣ ਦਾ ਮਾਹੌਲ ਬਣ ਗਿਆ।
ਇਹ ਤਸਵੀਰ ਦਸੂਹਾ ਦੀ ਰਾਜਨੀਤੀ ਵਿਚ ਇਕ ਸਕਾਰਾਤਮਕ ਸੰਦੇਸ਼ ਦੇ ਤੌਰ ‘ਤੇ ਵੀ ਦੇਖੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਰਾਜਨੀਤਿਕ ਵਿਚਾਰਧਾਰਾਵਾਂ ਵੱਖ-ਵੱਖ ਹੋ ਸਕਦੀਆਂ ਹਨ, ਪਰ ਨਿੱਜੀ ਸੰਬੰਧ ਅਤੇ ਆਪਸੀ ਸਤਿਕਾਰ ਹਮੇਸ਼ਾਂ ਕਾਇਮ ਰਹਿਣੇ ਚਾਹੀਦੇ ਹਨ। ਇਹ ਤਸਵੀਰ ਸਿਆਸਤ ਵਿਚ ਸਾਂਝ, ਸਹਿਯੋਗ ਅਤੇ ਸੱਭਿਆਚਾਰਕ ਮਰਿਆਦਾ ਦਾ ਸੁਨੇਹਾ ਦੇ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ